ਭਾਈ ਰਾਜੋਆਣਾ ਦੀ ਰਿਹਾਈ ਨੂੰ ਲੈਕੇ ਭੈਣ ਕਮਲਦੀਪ ਦੀ ਸੁਨੀਲ ਜਾਖੜ ਨੂੰ ਸਲਾਹ

By  Jasmeet Singh September 6th 2023 07:59 PM

ਚੰਡੀਗੜ੍ਹ: ਬੀਤੇ ਦਿਨੀਂ ਪੀ.ਟੀ.ਸੀ. ਚੈਨਲ ਤੇ "ਵਿਚਾਰ ਤਕਰਾਰ" ਪ੍ਰੋਗਰਾਮ ਦੇ ਵਿੱਚ ਕੌਮ ਲਈ ਜ਼ਿੰਦਾ ਸ਼ਹੀਦ ਐਲਾਨੇ ਗਏ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦਾ ਫੈਸਲਾ ਨਾ ਹੋਣ ਵਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਅਪੀਲ ਭਾਈ ਰਾਜੋਆਣਾ ਵੱਲੋਂ ਨਹੀਂ ਪਾਈ ਗਈ, ਇਸੇ ਕਰਕੇ ਹੀ ਇਸਦਾ ਫੈਸਲਾ ਨਹੀਂ ਹੋ ਰਿਹਾ।

ਇਸਤੇ ਹੁਣ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਭਾਜਪਾ ਸੂਬਾ ਪ੍ਰਧਾਨ ਦੇ ਨਾਂਅ ਸੋਸ਼ਲ ਮੀਡੀਆ ਪੋਸਟ ਪਾ ਉਨ੍ਹਾਂ ਤੋਂ ਪੁੱਛਿਆ ਹੈ ਕਿ ਕੀ ਸਰਕਾਰ ਨੂੰ ਭਾਈ ਰਾਜੋਆਣਾ ਦੇ ਰਿਹਾਈ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਗਿਆਨ ਨਹੀਂ ਸੀ ਕਿ ਆਪਣੀ ਰਿਹਾਈ ਦੀ ਅਪੀਲ ਭਾਈ ਰਾਜੋਆਣਾ ਵੱਲੋਂ ਨਹੀਂ ਪਾਈ ਗਈ ਹੈ। 

ਕਮਲਦੀਪ ਕੌਰ ਰਾਜੋਆਣਾ ਨੇ ਲਿਖਿਆ, "ਅਸੀਂ ਬਹੁਤ ਹੀ ਸਤਿਕਾਰ ਸਹਿਤ ਸੁਨੀਲ ਜਾਖੜ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਮਾਰਚ 2012 ਵਿੱਚ ਇਸ ਅਪੀਲ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ, ਕੀ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਅਪੀਲ ਵੀਰਜੀ ਰਾਜੋਆਣਾ ਜੀ ਦੀ ਨਹੀਂ ਹੈ।  ਫਿਰ ਜਦੋਂ ਇਸ ਅਪੀਲ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਤੇ ਰੋਕ ਲਾਈ, ਕੀ ਉਸ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਹ ਅਪੀਲ ਵੀਰਜੀ ਰਾਜੋਆਣਾ ਜੀ ਦੀ ਨਹੀਂ ਹੈ। ਫਿਰ ਇਸ ਅਪੀਲ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾਂ ਪ੍ਰਕਾਸ਼ ਪੁਰਬ ਤੇ ਜਦੋਂ ਨੋਟੀਫਿਕੇਸ਼ਨ ਜਾਰੀ ਕਰਕੇ ਵੀਰਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਣ ਕੀਤਾ, ਕੀ ਉਸ ਸਮੇਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਣਕਾਰੀ ਨਹੀਂ ਸੀ ਕਿ ਇਹ ਅਪੀਲ ਵੀਰਜੀ ਰਾਜੋਆਣਾ ਜੀ ਦੀ ਨਹੀਂ ਹੈ।" 

ਉਨ੍ਹਾਂ ਅੱਗੇ ਲਿਖਿਆ, "ਫਿਰ ਜਦੋਂ ਦੇਸ਼ ਦੀ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵਾਰ-ਵਾਰ ਆਰਡਰ ਜਾਰੀ ਕਰਕੇ ਇਸ ਅਪੀਲ ਤੇ ਫੈਸਲਾ ਲੈਣ ਲਈ ਕਿਹਾ, ਕੀ ਸੁਪਰੀਮ ਕੋਰਟ ਦੇ ਤਿੰਨ ਚੀਫ਼ ਜਸਟਿਸਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਇਹ ਅਪੀਲ ਵੀਰਜੀ ਰਾਜੋਆਣਾ ਜੀ ਦੀ ਨਹੀਂ ਹੈ।"

ਇਸ 'ਤੇ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਉਹ ਸੁਨੀਲ ਜਾਖੜ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਫਾਂਸੀ ਦੀ ਸਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਹੋਈ, ਨਾ ਹੀ ਸ਼੍ਰੋਮਣੀ ਕਮੇਟੀ ਫਾਂਸੀ ਚੱਕੀ ਵਿੱਚ 16 ਸਾਲ ਤੋਂ ਬੈਠੀ ਹੈ। ਉਨ੍ਹਾਂ ਕਿਹਾ, "ਫਾਂਸੀ ਦੀ ਚੱਕੀ ਵਿੱਚ ਪਿਛਲੇ 16 ਸਾਲਾਂ ਤੋਂ ਵੀਰਜੀ ਰਾਜੋਆਣਾ ਜੀ ਬੈਠੇ ਹਨ ਅਤੇ ਪਿਛਲੇ 12 ਸਾਲਾਂ ਤੋਂ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਅਪੀਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵਿਚਾਰ ਅਧੀਨ ਪਈ ਹੈ ,ਜਿਸ 'ਤੇ ਫੈਸਲਾ ਲੈਣ ਲਈ ਦੇਸ਼ ਦੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਰਡਰ ਜਾਰੀ ਕੀਤਾ ਹੋਇਆ। ਇਸ ਲਈ 12 ਸਾਲ ਬਾਅਦ ਇਹ ਕਹਿਣਾ ਕਿ ਇਹ ਅਪੀਲ ਸ਼੍ਰੋਮਣੀ ਕਮੇਟੀ ਦੀ ਹੈ, ਇਸ ਲਈ ਫੈਸਲਾ ਨਹੀਂ ਹੋ ਰਿਹਾ।"

ਉਨ੍ਹਾਂ ਭਾਜਪਾ ਸੂਬਾ ਪ੍ਰਧਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਇਹ ਬੇਇਨਸਾਫੀ ਨਾਲ ਖੜਨ ਵਾਲੀ ਗੱਲ ਹੈ। ਜਦੋਂ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਫੈਸਲਾ ਨਾ ਕਰਨ ਦਾ ਕਾਰਣ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਹੋ ਜਾਣ ਦਾ ਡਰ ਦੱਸਿਆ ਸੀ। 

ਉਨ੍ਹਾਂ ਸੁਨੀਲ ਜਾਖੜ ਨੂੰ ਬੇਨਤੀ ਕੀਤੀ ਹੈ ਕਿ ਭਾਈ ਰਾਜੋਆਣਾ ਨਾਲ ਹੋ ਰਹੀ ਇਸ ਬੇਇਨਸਾਫ਼ੀ ਦੇ ਵਿਰੁੱਧ ਕੇਂਦਰ ਸਰਕਾਰ ਕੋਲ ਆਵਾਜ਼ ਉਠਾਉਣ ਅਤੇ ਭਾਈ ਰਾਜੋਆਣਾ ਦੇ ਕੇਸ ਦਾ ਫੈਸਲਾ ਕਰਵਾ ਕੇ ਉਨ੍ਹਾਂ ਦੀ ਰਿਹਾਈ ਲਈ ਯਤਨ ਕਰਨ। 

ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਹੈ।

Related Post