ਗਰਭਵਤੀ ਹਥਨੀ ਦੀ ਮੌਤ ਦੇ ਦੋਸ਼ੀਆਂ ਦੀ ਤੇਜ਼ੀ ਨਾਲ ਭਾਲ਼ ਜਾਰੀ, ਦੇਸ਼ ਭਰ 'ਚ ਭਾਰੀ ਰੋਹ

By  Panesar Harinder June 4th 2020 02:50 PM -- Updated: June 4th 2020 02:52 PM

ਪਾਲੱਕਾੜ - ਗਰਭਵਤੀ ਹਥਨੀ ਨਾਲ ਕੀਤੇ ਸ਼ਰਮਨਾਕ ਵਰਤਾਰੇ ਵਿਰੁੱਧ ਸਾਰੇ ਦੇਸ਼ 'ਚ ਭਾਰੀ ਰੋਹ ਉੱਠ ਰਿਹਾ ਹੈ। ਗਰਭਵਤੀ ਹਥਨੀ ਦੇ ਬੇਰਹਿਮੀ ਨਾਲ ਹੋਏ ਕਤਲ ਮਾਮਲੇ ਦੀ ਜਾਂਚ ਕੇਰਲਾ ਸਰਕਾਰ ਨੇ ਜੰਗਲੀ ਜੀਵ ਜੁਰਮ ਦੀ ਜਾਂਚ ਟੀਮਕ ਦੇ ਹਵਾਲੇ ਕਰ ਦਿੱਤੀ ਹੈ। ਗੰਭੀਰ ਵਿਚਾਰ ਕਰਦਿਆਂ ਕੇਂਦਰ ਸਰਕਾਰ ਨੇ ਵੀ ਸੂਬੇ ਤੋਂ ਇਸ ਮਾਮਲੇ ਬਾਰੇ ਰਿਪੋਰਟ ਮੰਗੀ ਹੈ। ਕਿਸੇ ਸ਼ਰਾਰਤੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੇ ਹਥਨੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ ਸੀ, ਅਤੇ ਇਨ੍ਹਾਂ ਪਟਾਕਿਆਂ ਦੇ ਫ਼ਟਣ ਨਾਲ 27 ਮਈ ਨੂੰ ਗਰਭਵਤੀ ਹਥਨੀ ਦੀ ਦਰਦਨਾਕ ਮੌਤ ਹੋ ਗਈ ਸੀ।

ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਰੋਹ ਫੈਲ ਗਿਆ ਅਤੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਪਾਲੱਕਾੜ ਜ਼ਿਲ੍ਹੇ ਦੇ ਮਾਨਾਰਕੜ ਜੰਗਲਾਤ ਮੰਡਲ 'ਚ ਹਥਨੀ ਦੀ ਮੌਤ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਇਸ ਨਿੰਦਣਯੋਗ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਈਲਡ ਲਾਈਫ਼ ਕਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਜਾਂਚ ਲਈ ਮੌਕੇ ‘ਤੇ ਭੇਜਿਆ ਗਿਆ ਹੈ।

ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਘਟਨਾ ‘ਤੇ ਗੰਭੀਰ ਰੁਖ਼ ਅਪਣਾਉਂਦਿਆਂ ਕਿਹਾ ਕਿ ਕੇਂਦਰ ਨੇ ਇਸ ਬਾਰੇ ਪੂਰੀ ਰਿਪੋਰਟ ਮੰਗੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਅਸੀਂ ਘਟਨਾ ਬਾਰੇ ਪੂਰੀ ਰਿਪੋਰਟ ਮੰਗੀ ਹੈ। ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਥਨੀ ਦੀ 27 ਮਈ ਨੂੰ ਵੇਲਿਯਾਰ ਨਦੀ ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜੰਗਲਾਤ ਕਰਮਚਾਰੀਆਂ ਨੇ ਉਸ ਨੂੰ ਨਦੀ 'ਚੋਂ ਬਾਹਰ ਕੱਢਣ ਦੇ ਬਹੁਤ ਯਤਨ ਕੀਤੇ, ਪਰ ਉਹ ਇਸ ਵਿੱਚ ਸਫਲ ਨਹੀਂ ਹੋਏ। ਹਾਲਾਂਕਿ ਹੁਣ ਬਾਹਰ ਕੱਢ ਲਿਆ ਗਿਆ ਹੈ।

ਪੋਸਟਮਾਰਟਮ ਰਿਪੋਰਟ ਨੇ ਇਸ ਹਥਨੀ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ। ਪਟਾਕਿਆਂ ਦੇ ਅਸਰ ਕਾਰਨ ਉਸ ਦੇ ਜਬਾੜੇ ਟੁੱਟੇ ਹੋਏ ਮਿਲੇ ਸਨ। ਟੀਵੀ, ਅਖ਼ਬਾਰਾਂ ਸਮੇਤ ਸੋਸ਼ਲ ਮੀਡੀਆ 'ਤੇ ਵੀ ਇਹ ਖ਼ਬਰ ਅੱਗ ਵਾਂਗਰ ਫ਼ੈਲੀ ਅਤੇ ਹਰ ਪਾਸਿਓਂ ਇਸ ਬਾਰੇ ਜਾਨਣ ਵਾਲਿਆਂ ਨੇ ਭਾਰੀ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਮਾਜ, ਸਿਆਸਤ, ਸਿਨੇਮਾ, ਸੰਗੀਤ, ਉਦਯੋਗ ਤੇ ਮੀਡੀਆ ਸਮੇਤ, ਹਰ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ, ਬੇਜ਼ੁਬਾਨ ਜਾਨਵਰਾਂ ਲਈ ਇਨਸਾਫ਼ ਦੀ ਮੰਗ ਕੀਤੀ।

ਉਦਯੋਗਪਤੀ ਰਤਨ ਟਾਟਾ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗਰਭਵਤੀ ਹਥਨੀ ਦੇ ਕਤਲ ਨੂੰ ਸੋਚਿਆ ਸਮਝਿਆ ਕਤਲ ਕਰਾਰ ਦਿੱਤਾ ਅਤੇ ਉਸ ਬੇਜ਼ੁਬਾਨ ਲਈ ਇਨਸਾਫ ਦੀ ਮੰਗ ਕੀਤੀ ਹੈ।

ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ, "ਮੈਂ ਹੈਰਾਨ ਅਤੇ ਦੁਖੀ ਹਾਂ ਕਿ ਕੁਝ ਲੋਕਾਂ ਨੇ ਪਟਾਕਿਆਂ ਨਾਲ ਭਰਿਆ ਅਨਾਨਾਸ ਮਾਸੂਮ ਅਤੇ ਬੇਕਸੂਰ ਗਰਭਵਤੀ ਹਥਨੀ ਨੂੰ ਖੁਆਇਆ ਜਿਸ ਨਾਲ ਉਸਦੀ ਮੌਤ ਹੋ ਗਈ।"

ਉਨ੍ਹਾਂ ਕਿਹਾ, ਮਾਸੂਮ ਜਾਨਵਰਾਂ ਵਿਰੁੱਧ ਅਜਿਹੀਆਂ ਅਪਰਾਧਿਕ ਕਾਰਵਾਈਆਂ ਮਨੁੱਖ ਦੀ ਸੋਚੀ ਸਮਝੀ ਹੱਤਿਆ ਤੋਂ ਵੱਖ ਨਹੀਂ ਹਨ। ਇਸ ਘਟਨਾ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਅਨੁਸ਼ਕਾ ਸ਼ਰਮਾ, ਸ਼ਰਧਾ ਕਪੂਰ, ਰਣਦੀਪ ਹੁੱਡਾ ਸਮੇਤ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੀਆਂ ਹਸਤੀਆਂ ਐਮੀ ਵਿਰਕ, ਗੁਰੂ ਰੰਧਾਵਾ ਤੇ ਅਨੇਕਾਂ ਹੋਰਾਂ ਨੇ ਜਾਨਵਰਾਂ ਖ਼ਿਲਾਫ਼ ਇਸ ਕਿਸਮ ਦੀ ਬੇਰਹਿਮ ਵਤੀਰੇ ਉੱਤੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।

ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਇਹ ਘਟਨਾ ਅਜਿਹਾ ਪਹਿਲਾ ਵਾਕਿਆ ਨਹੀਂ ਹੈ। ਜੰਗਲਾਤ ਵਿਭਾਗ ਦੇ ਇੱਕ ਉੱਚ-ਅਧਿਕਾਰੀ ਦੇ ਦੱਸਣ ਅਨੁਸਾਰ ਅਜਿਹੀ ਹੀ ਇੱਕ ਬੇਸ਼ਰਮੀ ਭਰੀ ਘਟਨਾ ਅਪ੍ਰੈਲ ਵਿੱਚ ਕੋਲਾਮ ਜ਼ਿਲ੍ਹੇ ਦੇ ਪੁਨਾਲੂਰ ਮੰਡਲ ਦੇ ਪਠਾਨਪੁਰਮ ਜੰਗਲਾਤ ਖੇਤਰ ਵਿੱਚ ਵੀ ਵਾਪਰ ਚੁਕੀ ਹੈ।

ਕੁਝ ਕੁ ਨਿਰਲੱਜ ਲੋਕਾਂ ਦੀ ਇਸ ਘਟੀਆ ਹਰਕਤ ਨੇ ਸਾਰੀ ਮਨੁੱਖਤਾ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਜਾਂਚ ਟੀਮ ਵੱਲ੍ਹ ਟਿਕੀਆਂ ਹੋਈਆਂ ਹਨ ਕਿ ਕਦੋਂ ਉਹ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਅਤੇ ਉਨ੍ਹਾਂ ਨੂੰ ਅਜਿਹੀ ਸਜ਼ਾ ਮਿਲੇ ਜੋ ਹੋਰਨਾਂ ਵਾਸਤੇ ਇੱਕ ਸਬਕ ਬਣੇ ਤੇ ਕਿਸੇ ਬੇਜ਼ੁਬਾਨ ਨਾਲ ਅਜਿਹਾ ਸਲੂਕ ਮੁੜ ਨਾ ਹੋਵੇ।

Related Post