ਘਰ ਪਰਤ ਰਹੀ ਮਾਂ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ, ਮਗਰੋਂ 155 KM ਦਾ ਪੈਦਲ ਤੈਅ ਕੀਤਾ ਸਫ਼ਰ

By  Shanker Badra May 13th 2020 01:12 PM

ਘਰ ਪਰਤ ਰਹੀ ਮਾਂ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ, ਮਗਰੋਂ 155 KM ਦਾ ਪੈਦਲ ਤੈਅ ਕੀਤਾ ਸਫ਼ਰ:ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਕੀਤੇ ਜਾਣ ਤੋਂ ਬਾਅਦ ਮਜ਼ਦੂਰਾਂ ਨੂੰ ਆਪਣੇ ਘਰਾਂ ਵੱਲ ਵਾਪਸ ਜਾਂਦੇ ਸਮੇਂ ਜਾਨਾਂ ਗੁਆਉਣੀਆਂ ਪੈ ਰਹੀਆਂ ਹਨ। ਇਸ ਦੌਰਾਨ ਸੈਂਕੜੇ-ਹਜ਼ਾਰਾਂ ਮਜ਼ਦੂਰ ਹੁਣ ਵੀ ਆਪਣੇ ਘਰਾਂ ਵੱਲ ਪੈਦਲ ਹੀ ਪਰਤ ਰਹੇ ਹਨ। ਇਸ ਵਿਚਕਾਰ ਇੱਕ ਗਰਭਵਤੀ ਔਰਤ ਮਜ਼ਦੂਰ ਨੇ ਘਰ ਜਾਂਦੇ ਸਮੇਂ ਰਸਤੇ 'ਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ।

ਦਰਅਸਲ 'ਚ ਗਰਭਵਤੀ ਔਰਤ 9ਵੇਂ ਮਹੀਨੇ 'ਚ ਮਹਾਰਾਸ਼ਟਰ ਦੇ ਨਾਸਿਕ ਤੋਂ ਮੱਧ ਪ੍ਰਦੇਸ਼ ਦੇ ਸਤਨਾ ਲਈ ਪੈਦਲ ਚੱਲ ਪਈ ਸੀ। ਓਥੇ ਕਾਫ਼ੀ ਸਮੇਂ ਤੱਕ ਪੈਦਲ ਚੱਲਣ ਤੋਂ ਬਾਅਦ ਔਰਤ ਦੇ ਢਿੱਡ 'ਚ ਦਰਦ ਹੋਇਆ ਤਾਂ ਉਸ ਨੇ ਰਸਤੇ 'ਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਬੱਚਾ ਹੋਣ ਤੋਂ ਬਾਅਦ ਉਸ ਮਾਂ ਨੇ ਸਿਰਫ਼ ਦੋ ਘੰਟੇ ਆਰਾਮ ਕੀਤਾ ਅਤੇ ਉਸ ਤੋਂ ਬਾਅਦ ਉਹ ਦੁਬਾਰਾ 155 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਘਰ ਪਹੁੰਚੀ।

ਇਸ ਤੋਂ ਇੱਕ ਦਿਨ ਪਹਿਲਾਂ ਵੀ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਔਰਤ ਮਜ਼ਦੂਰ ਚੰਡੀਗੜ੍ਹ ਤੋਂ ਮੱਧ ਪ੍ਰਦੇਸ਼ ਜਾ ਰਹੀ ਸੀ। ਜਦੋਂ ਲਗਭਗ 180 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਔਰਤ ਨੂੰ ਦਰਦ ਹੋਇਆ ਤਾਂ ਉਸ ਨੇ ਸੜਕ ਕੰਢੇ ਆਪਣੇ ਸਾਥੀਆਂ ਦੀ ਮਦਦ ਨਾਲ ਧੀ ਨੂੰ ਜਨਮ ਦਿੱਤਾ ਸੀ। ਜਨਮ ਤੋਂ ਸਿਰਫ ਇੱਕ ਘੰਟੇ ਬਾਅਦ ਉਹ ਆਪਣੇ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਰੱਖ ਕੇ 270 ਕਿਲੋਮੀਟਰ ਪੈਦਲ ਤੁਰ ਕੇ ਅਲੀਗੜ੍ਹ ਪਹੁੰਚੀ ਹੈ।

-PTCNews

Related Post