ਮੰਡੀਆਂ 'ਚ ਹੋ ਰਹੀ ਝੋਨੇ ਦੀ ਬੇਕਦਰੀ ਵਿਰੁੱਧ ਕਿਸਾਨਾਂ ਨੇ ਪੰਜਾਬ ਭਰ 'ਚ ਸੜਕੀ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ

By  Shanker Badra November 5th 2018 06:08 PM

ਮੰਡੀਆਂ 'ਚ ਹੋ ਰਹੀ ਝੋਨੇ ਦੀ ਬੇਕਦਰੀ ਵਿਰੁੱਧ ਕਿਸਾਨਾਂ ਨੇ ਪੰਜਾਬ ਭਰ 'ਚ ਸੜਕੀ ਆਵਾਜਾਈ ਠੱਪ ਕਰਕੇ ਕੀਤਾ ਰੋਸ ਪ੍ਰਦਰਸ਼ਨ:ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਮੁੱਖ ਸੜਕਾਂ ਉਪਰ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਮੋਗਾ ਦੇ ਕਸਬਾ ਅਜੀਤਵਾਲ ਵਿਖੇ ਅੱਜ 7 ਕਿਸਾਨ ਜਥੇਬੰਦੀਆਂ ਵੱਲੋਂ ਮੋਗਾ -ਲੁਧਿਆਣਾ ਹਾਈਵੇ 'ਤੇ ਜਾਮ ਲਗਾਇਆ ਗਿਆ ਹੈ।ਜਾਣਕਾਰੀ ਅਨੁਸਾਰ ਜੱਥੇਬੰਦੀ ਦੇ ਆਗੂ ਸੁਖਦੇਵ ਸਿੰਘ ਅਤੇ ਬਲੌਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਤਿੰਨ ਘੰਟੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਨਾਅਰੇਬਾਜ਼ੀ ਕੀਤੀ ਹੈ।

ਇਸ ਮੌਕੇ ਡੀਐਸਪੀ ਸੁਭੇਗ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਸਨ।ਇਸ ਦੌਰਾਨ ਪੁਲਿਸ ਨੇ ਲੁਧਿਆਣਾ ਤੋਂ ਮੋਗਾ ਆਉਣ ਵਾਲਿਆ ਗੱਡੀਆਂ ਨੂੰ ਅਜੀਤਵਾਲ ਤੋਂ ਪਿੱਛੋਂ ਹੀ ਪਿੰਡਾਂ ਵਿਚ ਦੀ ਮੋੜ ਦਿੱਤਾ ਗਿਆ ਜਦਕਿ ਮੋਗਾ ਤੋਂ ਲੁਧਿਆਣਾ ਜਾਣ ਵਾਲੇ ਵਾਹਨਾਂ ਨੂੰ ਵੀ ਪਿੰਡਾਂ ਵਿਚ ਦੀ ਮੋੜ ਕੇ ਜਗਰਾਓਂ ਵਾਲੇ ਪਾਸੇ ਕੱਡ ਦਿੱਤਾ ਗਿਆ।

ਇਸੇ ਤਹਿਤ ਭਵਾਨੀਗੜ੍ਹ ਵਿਖੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ (ਡਕੌਂਦਾ) ਅਤੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ (ਉਗਰਾਹਾਂ) ਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਉੱਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ।ਇਸ ਤੋਂ ਇਲਾਵਾ ਪੰਜਾਬ ਦੇ 13 ਜ਼ਿਲਿਆਂ 'ਚ 40 ਥਾਵਾਂ 'ਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ ਹਨ।

ਇਸ ਮੌਕੇ ਪ੍ਰਦਸ਼ਨਕਾਰੀਆਂ ਵੱਲੋਂ ਮੰਡੀਆਂ ਵਿੱਚ ਝੋਨੇ ਵਿਚ ਆ ਰਹੀ ਜਿਆਦਾ ਨਮੀ ਦਾ ਜਿੰਮੇਦਾਰ ਸਰਕਾਰ ਨੂੰ ਦੱਸਦਿਆਂ ਕਿਹਾ ਕਿ ਝੋਨੇ ਦੀ ਬਿਜਾਈ ਲੇਟ ਹੋਣ ਕਰਕੇ ਨਮੀ ਜਿਆਦਾ ਆ ਰਹੀ ਹੈ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਝੋਨੇ ਦਾ ਇੱਕ -ਇੱਕ ਦਾਣਾ ਮੰਡੀਆਂ ਵਿਚੋਂ ਖਰੀਦਿਆ ਜਾਵੇ।

-PTCNews

Related Post