ਪੰਜਾਬ ਅੰਦਰ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ,  ਟਿਊਬਵੈੱਲਾਂ ਲਈ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ

By  Shanker Badra June 10th 2020 11:41 AM -- Updated: June 10th 2020 11:44 AM

ਪੰਜਾਬ ਅੰਦਰ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ,  ਟਿਊਬਵੈੱਲਾਂ ਲਈ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ ਸਪਲਾਈ:ਚੰਡੀਗੜ੍ਹ : ਪੰਜਾਬ ਅੰਦਰ ਸੂਬਾ ਸਰਕਾਰ ਵੱਲੋਂ ਐਲਾਨੀ 10 ਜੂਨ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਿਊਬਵੈੱਲਾਂ ਲਈ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਅਤੇ ਝੋਨੇ ਦੀ ਸਫਲਤਾਪੂਰਵਕ ਲੁਆਈ ਲਈ ਲੋੜੀਂਦੇ ਪਾਣੀ ਦੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਸ ਦਿਨ ਤੋਂ ਹੀ ਪਾਵਰਕਾਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਹੀ ਪਾਵਰਕਾਮ ਦੇ ਸਿਰ ਉੱਪਰ ਲਗਭਗ 700 ਮੈਗਾਵਾਟ ਬਿਜਲੀ ਲੋਡ ਵੱਧ ਜਾਵੇਗਾ। ਝੋਨੇ ਦੇ ਸ਼ੀਜਨ ਸਬੰਧੀ ਪਾਵਰਕਾਮ ਵੱਲੋਂ ਕਿਸਾਨਾਂ ਨੂੰ ਤਿੰਨ ਸਿਫ਼ਟਾਂ ਵਿੱਚ 8-8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਪਾਵਰਕਾਮ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਲਈ ਪੂਰੇ ਪ੍ਰਬੰਧ ਹਨ ਅਤੇ ਇਸ ਨਾਲ ਵੱਖ-ਵੱਖ ਸ੍ਰੇਣੀਆਂ ਦੇ ਦੂਜੇ ਖਪਤਕਾਰਾਂ ਨੂੰ ਵੀ ਨਿਰਵਿਘਨ 24 ਘੰਟੇ ਸਪਲਾਈ ਜਾਰੀ ਰਹੇਗੀ। ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਰਾਜ ਅੰਦਰ ਇਸ ਵਾਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅਨੁਮਾਨ ਹੈ। ਇਸ ਵਿੱਚੋਂ 20 ਲੱਖ ਹੈਕਟੇਅਰ ਅੰਦਰ ਆਮ ਝੋਨੇ ਦੀ ਬਿਜਾਈ ਦਾ ਅੰਦਾਜਾ ਹੈ ਜਦਕਿ 7 ਲੱਖ ਹੈਕਟੇਅਰ ਰਕਬੇ ਅੰਦਰ ਬਾਸਮਤੀ ਝੋਨਾ ਦੀ ਲਵਾਈ ਦਾ ਟੀਚਾ ਹੈ।

ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਚੱਲਦਿਆ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਬਗੈਰ ਹੀ ਪੇਂਡੂ ਮਜ਼ਦੂਰਾਂ ਨਾਲ ਝੋਨੇ ਲਵਾਈ ਦੀ ਜੰਗ ਲੜਨੀ ਪਵੇਗੀ। ਪ੍ਰਵਾਸੀ ਮਜ਼ਦੂਰਾਂ ਦੇ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਦੌਰਾਨ ਪਿੰਡਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਵਿਚਕਾਰ ਝੋਨੇ ਦੀ ਲਵਾਈ ਦਾ ਰੇਟ ਤੈਅ ਨਾ ਹੋਣ ਕਾਰਨ ਝਗੜਾ ਚੱਲ ਰਿਹਾ ਹੈ।

-PTCNews

Related Post