ਮੁੱਖ ਮੰਤਰੀ ਵੱਲੋਂ ਜਨਰਲ, ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ PPSC ਦੀ ਫੀਸ ਵਿਚ ਕਟੌਤੀ ਕਰਨ ਦਾ ਐਲਾਨ

By  Shanker Badra April 23rd 2021 09:06 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਨਰਲ ਅਤੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੀਆਂ ਸਾਰੀਆਂ ਪ੍ਰੀਖਿਆਵਾਂ ਲਈ ਫੀਸ ਘਟਾਉਣ ਜਦਕਿ ਆਰਥਿਕ ਤੌਰ ਉਤੇ ਕਮਜੋਰ ਵਰਗਾਂ ਅਤੇ ਦਿਵਿਆਂਗ ਉਮੀਦਵਾਰਾਂ ਲਈ ਪੂਰੀ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਨ੍ਹਾਂ ਪ੍ਰੀਖਿਆਵਾਂ ਲਈ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਾਲਾਂਕਿ, ਅਰਜੀ ਫੀਸ ਪਹਿਲਾਂ ਵਾਲੀ ਹੀ ਰਹੇਗੀ।

ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਇਕ ਤੋਂ ਵੱਧ ਵਿਭਾਗਾਂ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਿਰਫ ਇਕ ਹੀ ਪ੍ਰੀਖਿਆ ਫੀਸ ਦੇਣੀ ਪਵੇਗੀ। ਹਾਲਾਂਕਿ, ਪੰਜਾਬ ਲੋਕ ਸੇਵਾ ਕਮਿਸ਼ਨ ਦੀ ਮੁਕਾਬਲੇ ਵਾਲੀਆਂ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ ਸਾਰੀਆਂ ਪ੍ਰੀਖਿਆਵਾਂ ਦੀ ਅਰਜੀ ਫੀਸ 500 ਰੁਪਏ ਹੀ ਰਹੇਗੀ।

ਸੋਧੀਆਂ ਹੋਈਆਂ ਫੀਸਾਂ ਮੁਤਾਬਕ ਜਨਰਲ ਸ਼੍ਰੇਣੀਆਂ ਲਈ ਮੌਜੂਦਾ ਫੀਸਾਂ ਨੂੰ 2,500 ਰੁਪਏ ਤੋਂ ਘਟਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਐਸ.ਸੀ/ਐਸ.ਟੀ. ਲਈ ਫੀਸਾਂ ਵੀ ਕਾਫ਼ੀ ਹੱਦ ਤੱਕ ਘਟਾਈਆਂ ਗਈਆਂ ਹਨ। ਇਸੇ ਤਰ੍ਹਾਂ ਵਿਸ਼ੇਸ਼ ਤੌਰ 'ਤੇ ਕਮਜ਼ੋਰ ਵਰਗਾਂ ਦੇ ਉਮੀਦਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਦਿਵਿਆਂਗ ਸ਼੍ਰੇਣੀਆਂ ਲਈ ਫੀਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।

ਪੀ.ਪੀ.ਐਸ.ਸੀ. ਵੱਲੋਂ ਵੱਖ-ਵੱਖ ਵਿਭਾਗਾਂ 'ਚ ਵੱਡੀ ਗਿਣਤੀ ਵਿੱਚ ਖਾਸ ਕਰਕੇ ਐਸ.ਡੀ.ਈ. ਅਤੇ ਜੇ.ਈ. ਦੀਆਂ ਆਸਾਮੀਆਂ ਲਈ ਭਰਤੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਤਰ੍ਹਾਂ 17 ਵੱਖ-ਵੱਖ ਵਿਭਾਗਾਂ ਵੱਲੋਂ ਐਸ.ਡੀ.ਈ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰ ਲਈ ਪ੍ਰੀਖਿਆ ਫੀਸ ਪਹਿਲਾਂ 17 ਵਾਰ ਲਈ ਜਾਂਦੀ ਸੀ ਪਰ ਹੁਣ ਇਕੋ ਪ੍ਰੀਖਿਆ ਫੀਸ ਲਈ ਜਾਵੇਗੀ। ਸਿਰਫ ਵਿਭਾਗ ਉਤੇ ਅਧਾਰਤ ਅਪਲਾਈ ਕਰਨ ਦੀ ਫੀਸ ਲਈ ਜਾਵੇਗੀ।

ਇਸ ਦੇ ਨਾਲ ਹੀ ਸਾਰੇ ਸੂਬਿਆਂ ਦੇ ਐਸ.ਸੀ./ਐਸ.ਟੀ. ਸ਼੍ਰੇਣੀਆਂ ਅਤੇ ਪੰਜਾਬ ਦੇ ਓ.ਬੀ.ਸੀ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੀਪੀਐਸਸੀ ਵੱਲੋਂ ਇਹਨਾਂ ਸ਼੍ਰੇਣੀਆਂ ਦੀ ਪ੍ਰੀਖਿਆ ਫੀਸ 650 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਗਈ ਹੈ। ਜਨਰਲ ਸ਼੍ਰੇਣੀ ਸਮੇਤ ਹੋਰ ਸਾਰੇ ਉਮੀਦਵਾਰਾਂ ਨੂੰ ਲਾਭ ਦਿੰਦਿਆਂ ਪੀਪੀਐਸਸੀ ਵੱਲੋਂ ਮੌਜੂਦਾ ਪ੍ਰੀਖਿਆ ਫੀਸ ਨੂੰ 2500 ਰੁਪਏ ਤੋਂ ਘਟਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ।

-PTCNews

Related Post