ਨਾਰਵੇ ਦੇ ਰਾਜਦੂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ

By  Joshi March 14th 2018 09:10 PM

Punjab CM meets Norway envoy: ਨਾਰਵੇ ਦੇ ਰਾਜਦੂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ

ਖੇਤੀਬਾੜੀ ਨੂੰ ਆਤਮ-ਨਿਰਭਰ ਬਨਾਉਣ ਲਈ ਤਕਨੀਕੀ ਸਹਾਇਤਾ ਦੀ ਪੇਸ਼ਕਸ਼

ਚੰਡੀਗੜ੍ਹ : ਭਾਰਤ ਵਿਚ ਨਾਰਵੇ ਦੇ ਰਾਜਦੂਤ ਨਿਲਸ ਰਾਗਨਰ ਕਾਮਸਵਗ ਨੇ ਸੂਬੇ ਦੇ ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਵਾਸਤੇ ਭਾਰੀ ਦਿਲਚਸਪੀ ਵਿਖਾਈ ਹੈ ਅਤੇ ਖੇਤੀ ਨੂੰ ਆਤਮ-ਨਿਰਭਰ ਅਤੇ ਲਾਭਦਾਇਕ ਧੰਦਾ ਬਣਾਉਣ ਲਈ ਸੂਬਾ ਸਰਕਾਰ ਨੂੰ ਤਕਨੀਕੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ |

ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਨਾਰਵੇ ਦੇ ਰਾਜਦੂਤ ਨੇ ਆਪਣੇ ਸੈਕਿੰਡ ਸਕੱਤਰ ਇਰਲੈਂਡ ਡਰਾਗਟ ਅਤੇ ਸਲਾਹਕਾਰ ੳਨਦਿਸ ਵੀ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੁਧਵਾਰ ਹੋਈ ਇੱਕ ਮੀਟਿੰਗ ਦੌਰਾਨ ਇਹ ਪੇਸ਼ਕਸ਼ ਕੀਤੀ |

ਫੂਡ ਪ੍ਰੋਸੈਸਿੰਗ, ਫਿਸ਼ਿੰਗ, ਨਵਿਆਉਣਯੋਗ ਊਰਜਾ, ਤੇਲ ਅਤੇ ਗੈਸ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਨਾਰਵੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਤਿਆਰ ਕੀਤੇ ਹਾਂਪੱਖੀ ਉਦਯੋਗਿਕ ਮਾਹੌਲ ਤੋਂ ਫਾਇਦਾ ਉਠਾਉਣ 'ਚ ਦਿਲਚਸਪੀ ਰੱਖਦਾ ਹੈ |

ਦੌਰੇ ਤੇ ਆਏ ਵਫਦ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਦੇ ਉਦਯੋਗਿਕ ਖੇਤਰ ਵਿਚ ਸਫਲਤਾਪੂਰਵਕ ਹਾਂਪੱਖੀ ਰੁਝਾਨ ਪੈਦਾ ਕੀਤਾ ਹੈ | ਉੁਨ੍ਹਾਂ ਨੇ ਇਸ ਸਬੰਧ ਵਿਚ ਹਾਲ ਹੀ ਵਿਚ ਲਿਆਂਦੀ ਗਈ ਨਵੀਂ ਉਦਯੋਗਿਕ ਨੀਤੀ ਦਾ ਵੀ ਜ਼ਿਕਰ ਕੀਤਾ ਜਿਸ ਦਾ ਉਦੇਸ਼ ਪੰਜਾਬ ਨੂੰ ਨਿਵੇਸ਼ ਦੇ ਪੱਖੋਂ ਸਭ ਤੋਂ ਪਸੰਦੀਦਾ ਸੂਬਾ ਬਨਾਉਣਾ ਹੈ |

ਰਾਜਦੂਤ ਨੇ ਭਾਰਤ-ਨਾਰਵੇ ਵਿਚ ਸਦੀਆਂ ਪੁਰਾਣੇ ਸਬੰਧਾਂ 'ਚ ਦਿਲਚਸਪੀ ਦਿਖਾਈ ਅਤੇ ਦੋਵਾਂ ਦੇ ਸਮੁੱਚੇ ਵਿਕਾਸ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਨਾਰਵੇ ਵੱਖ-ਵੱਖ ਖੇਤਰਾਂ ਖਾਸਕਰ ਖੇਤੀਬਾੜੀ ਸੈਕਟਰ ਵਿਚ ਨਵੀਂਆਂ ਸੰਭਾਵਨਾਵਾਂ ਤਲਾਸ਼ ਸਕਦੇ ਹਨ ਕਿਉਂਕਿ ਦੋਵਾਂ ਦਾ ਇਸ ਖੇਤਰ ਵਿਚ ਵੱਡਾ ਤਜਰਬਾ ਹੈ |

ਖੇਤੀਬਾੜੀ ਨੂੰ ਮੁੜ ਲਾਭਦਾਇਕ ਧੰਦਾ ਬਨਾਉਣ ਵਾਸਤੇ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਕਿਸਾਨ ਪੱਖੀ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਤਹਿ ਪਾਣੀ ਦੀ ਸੰਭਾਲ ਨੂੰ ਬੜ੍ਹਾਵਾ ਦੇਣ ਲਈ 600 ਪਿੰਡਾਂ ਵਿਚ 900 ਖੇਤੀ ਟਿਊਬਵੈਲ ਸਥਾਪਿਤ ਕਰਨ ਸਬੰਧੀ ਸ਼ੁਰੂ ਕੀਤੇ ਪਾਇਲਟ ਪ੍ਰੋਜੈਕਟ ਬਾਰੇ ਰਾਜਦੂਤ ਨੂੰ ਵਿਸਤ੍ਰਤ ਜਾਣਕਾਰੀ ਦਿੱਤੀ |

ਰਾਜਦੂਤ ਨੇ ਕੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਤੇ ਆਪਣੇ ਦੌਰੇ ਬਾਰੇ ਵੀ ਦੱਸਿਆ ਜਿੱਥੇ ਉਨ੍ਹਾਂ ਨੇ ਖੇਤੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਵਿਚ ਕੀਤਾ | ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਕਰਜਾ ਮੁਆਫੀ ਸਕੀਮ ਬਾਰੇ ਬਹੁਤ ਜ਼ਿਆਦਾ ਹਾਂਪੱਖੀ ਪ੍ਰਭਾਵ ਗ੍ਰਹਿਣ ਕੀਤਾ | ਉੱਚ ਦਰਜੇ ਦੇ ਸੜਕੀ ਸੰਪਰਕਾਂ ਨੂੰ ਮਾਨਣ ਵਾਲੇ ਪੰਜਾਬ ਦਾ ਜ਼ਿਕਰ ਕਰਦੇ ਹੋਏ ਰਾਜਦੂਤ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਇਕ ਅਜਿਹਾ ਸੈਕਟਰ ਹੈ ਜਿੱਥੋਂ ਵੱਡੀ ਪੱਧਰ ਤੇ ਸਮਰੱਥਾ ਦਾ ਫਾਇਦਾ ਉਠਾਇਆ ਜਾ ਸਕਦਾ ਹੈ |

ਨਾਰਵੇ ਦੇ ਰਾਜਦੂਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ, ਵੱਖ-ਵੱਖ ਸੈਕਟਰਾਂ ਵਿਚ ਨਿਵੇਸ਼ ਬਾਰੇ ਵਿਚਾਰ-ਵਟਾਂਦਰਾ—PTC News

Related Post