ਪੰਜਾਬ ਦੇ ਕ੍ਰਿਕਟ ਖਿਡਾਰੀ ਸੁਮਿਤ ਕਾਲੀਆ ਦੀ ਦਰਿਆ ’ਚ ਡੁੱਬਣ ਨਾਲ ਮੌਤ

By  Shanker Badra July 10th 2018 03:26 PM -- Updated: July 10th 2018 03:28 PM

ਪੰਜਾਬ ਦੇ ਕ੍ਰਿਕਟ ਖਿਡਾਰੀ ਸੁਮਿਤ ਕਾਲੀਆ ਦੀ ਦਰਿਆ ’ਚ ਡੁੱਬਣ ਨਾਲ ਮੌਤ:ਜਲੰਧਰ: ਆਈਸੀਐਲ ਅਤੇ ਅੰਡਰ 19 ਟੀਮ 'ਚ ਆਪਣੀ ਸ਼ਾਨਦਾਰ ਖੇਡ ਜ਼ਰੀਏ ਕ੍ਰਿਕਟ ਦੀ ਦੁਨੀਆ 'ਚ ਆਪਣਾ ਲੋਹਾ ਮਨਵਾ ਚੁੱਕੇ ਕ੍ਰਿਕਟਰ ਸੁਮਿਤ ਕਾਲੀਆ ਦੀ ਦਰਿਆ ’ਚ ਡੁੱਬਣ ਨਾਲ ਮੌਤ ਹੋ ਗਈ ਹੈ।ਮ੍ਰਿਤਕ ਖਿਡਾਰੀ ਸ਼ਨੀਵਾਰ ਨੂੰ ਦੋਸਤਾਂ ਨਾਲ ਹਿਮਾਚਲ ਘੁੰਮਣ ਗਿਆ ਸੀ,ਐਤਵਾਰ ਨੂੰ ਸੁਮਿਤ ਅਤੇ ਉਸ ਦੇ ਦੋਸਤ ਗੋਬਿੰਦ ਸਾਗਰ ਝੀਲ 'ਚ ਨਹਾ ਰਹੇ ਸਨ ਤਾਂ ਸੁਮਿਤ ਡੂੰਘੇ ਪਾਣੀ 'ਚ ਚਲਾ ਗਿਆ।ਤੇਜ਼ ਬਹਾਅ ਕਾਰਨ ਪਾਣੀ ਉਨ੍ਹਾਂ ਨੂੰ ਰੋੜ ਕੇ ਲੈ ਗਿਆ।ਉਸ ਤੋਂ ਬਾਅਦ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਸ਼ਾਮ ਤੱਕ ਸੁਮਿਤ ਕਾਲੀਆ ਦੀ ਲਾਸ਼ ਬਰਾਮਦ ਕਰ ਲਈ ਗਈ।ਸੁਮਿਤ ਜਲੰਧਰ ਦੇ ਕਮਲ ਵਿਹਾਰ ਬਸ਼ੀਰਪੁਰਾ ਦਾ ਰਹਿਣ ਵਾਲਾ ਸੀ।

ਜਾਣਕਾਰੀ ਅਨੁਸਾਰ ਸੁਮਿਤ ਮੋਟਰਸਾਈਕਲ ’ਤੇ ਆਪਣੇ ਦੋਸਤ ਮੀਤੂ ਨਾਲ ਪੀਰ ਨਿਗਾਹੇ ਮੱਥਾ ਟੇਕਣ ਲਈ ਗਿਆ ਸੀ।ਦੋਸਤ ਮੀਤੂ ਨੇ ਦੱਸਿਆ ਕਿ ਉਹ ਪੀਰ ਨਿਗਾਹੇ ਦੇ ਬਾਅਦ ਜਲੰਧਰ ਆਉਣ ਲਈ ਤਿਆਰ ਸਨ।ਇਸ ਦੌਰਾਨ ਨਜ਼ਦੀਕ ਹੀ ਇਕ ਪਿੰਡ ’ਚ ਸ਼ਿਵ ਮੰਦਰ ਦੇ ਨਾਲ ਲੱਗਦੇ ਦਰਿਆ ਦੇ ਕੋਲ ਦੋਵੇਂ ਚਲੇ ਗਏ।ਜਿੱਥੇ ਸੁਮਿਤ ਨੇ ਉਸ ਦਰਿਆ ’ਚ ਨਹਾਉਣ ਦੀ ਗੱਲ ਕਹੀ।

ਮੀਤੂ ਨੇ ਕਿਹਾ ਕਿ ਉਸ ਨੇ ਸੁਮਿਤ ਨੂੰ ਇਹ ਕਹਿ ਕਿ ਦਰਿਆ ’ਚ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ।ਇਸ ’ਤੇ ਸੁਮਿਤ ਨੇ ਜ਼ਿਦ ਕਰਦਿਆਂ ਉਸ ਨੂੰ ਕਿਹਾ ਕਿ ਜੇਕਰ ਉਸ ਨੇ ਨਹੀਂ ਨਹਾਉਣਾ ਤਾਂ ਨਾ ਨਹਾਵੇ।ਉਹ ਤਾਂ ਨਹਾਏਗਾ।ਉਸ ਨੂੰ ਤੈਰਨਾ ਆਉਂਦਾ ਹੈ ਉਹ ਜ਼ਰੂਰ ਨਹਾਏਗਾ।ਇੰਨਾ ਕਹਿਣ ਉਪਰੰਤ ਸੁਮਿਤ ਦਰਿਆ ਦੇ ਅੰਦਰ ਚਲਾ ਗਿਆ ਅਤੇ ਦੋਸਤ ਮੀਤੂ ਉਸਨੂੰ ਬਾਹਰ ਖੜ੍ਹਾ ਦੇਖਦਾ ਰਿਹਾ।ਕੁਝ ਮਿੰਟਾਂ ਬਾਅਦ ਮੀਤੂ ਨੂੰ ਜਦੋਂ ਸੁਮਿਤ ਦਿਖਾਈ ਨਾ ਦਿੱਤਾ ਤਾਂ ਉਸ ਨੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਸੁਮਿਤ ਦਾ ਕੁਝ ਪਤਾ ਨਹੀਂ ਲੱਗਿਆ।ਉਸ ਨੇ ਦੇਖਿਆ ਕਿ ਪਾਣੀ ਦਾ ਤੇਜ਼ ਵਹਾਅ ਉਸ ਨੂੰ ਖਿੱਚ ਕੇ ਲੈ ਗਿਆ।ਜਦ ਤੱਕ ਗੋਤਾਖੋਰਾਂ ਨੇ ਉਸ ਨੂੰ ਬਾਹਰ ਕੱਢਿਆ ਉਸ ਦੀ ਮੌਤ ਹੋ ਚੁੱਕੀ ਸੀ।

-PTCNews

Related Post