ਲੁਧਿਆਣਾ ਦੇ ਕੋਰੋਨਾ ਪਾਜ਼ੀਟਿਵ ACP ਦੀ ਪਲਾਜ਼ਮਾ ਥੈਰੇਪੀ ਕਰਵਾਏਗੀ ਪੰਜਾਬ ਸਰਕਾਰ

By  Shanker Badra April 18th 2020 12:58 PM

ਲੁਧਿਆਣਾ ਦੇ ਕੋਰੋਨਾ ਪਾਜ਼ੀਟਿਵ ACP ਦੀ ਪਲਾਜ਼ਮਾ ਥੈਰੇਪੀ ਕਰਵਾਏਗੀ ਪੰਜਾਬ ਸਰਕਾਰ:ਚੰਡੀਗੜ੍ਹ : ਪੰਜਾਬ 'ਚ ਕੋਵਿਡ-19 ਦੇ ਅਜਿਹੇ ਪਹਿਲੇ ਇਲਾਜ ਲਈ ਪੰਜਾਬ ਸਰਕਾਰ ਐਸ.ਪੀ. ਐਸ. ਹਸਪਤਾਲ ਲੁਧਿਆਣਾ ਦੀ ਮੈਡੀਕਲ ਟੀਮ ਨੂੰ ਸਹਿਯੋਗ ਦੇ ਰਹੀ ਹੈ, ਜਿਸ ਨੇ ਕੁਝ ਦਿਨ ਪਹਿਲਾ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਲੁਧਿਆਣਾ ਦੇ ਏ.ਸੀ. ਪੀ. ਅਨਿਲ ਕੋਹਲੀ ਦੀ ਪਲਾਜ਼ਮਾ ਥੈਰੇਪੀ ਕਰਵਾਉਣ ਦਾ ਫੈਸਲਾ ਕੀਤਾ ਹੈ।

ਇਹ ਖੁਲਾਸਾ ਸਰਕਾਰੀ ਬੁਲਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰਨ ਵਾਸਤੇ ਸੱਦੀ ਵੀਡਿਓ ਕਾਨਫਰੰਸ ਤੋਂ ਬਾਅਦ ਕੀਤਾ ਹੈ। ਪੰਜਾਬ ਪੁਲਿਸ ਦੇ ਏ.ਸੀ.ਪੀ. ਦਾ ਪਰਿਵਾਰ ਜੋ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਹੈ, ਨੇ ਥੈਰੇਪੀ ਲਈ ਇਜ਼ਾਜਤ ਦੇ ਦਿੱਤੀ ਹੈ,ਜਿਸ ਲਈ ਪੰਜਾਬ ਦੀਆਂ ਸਿਹਤ ਸੇਵਾਵਾਂ ਦਾ ਡਾਇਰੈਕਟਰ ਸੰਭਾਵੀ ਪਲਾਜ਼ਮਾ ਦਾਨੀ ਨਾਲ ਤਾਲਮੇਲ ਕਰ ਰਿਹਾ ਹੈ।

ਇਸ ਥੈਰੇਪੀ ਦਾ ਪ੍ਰਬੰਧ ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ.ਕੇ.ਕੇ.ਤਲਵਾੜ ਵੱਲੋਂ ਕੀਤਾ ਜਾ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਡਾ. ਤਲਵਾੜ ਦੀ ਬੇਨਤੀ 'ਤੇ ਪੀ.ਜੀ.ਆਈ. ਦੇ ਬਲੱਡ ਟਰਾਂਸਫਿਊਜ਼ਨ ਵਿਭਾਗ ਦੇ ਸਾਬਕਾ ਮੁਖੀ ਡਾ.ਨੀਲਮ ਮਰਵਾਹਾ ਨੇ ਪਲਾਜ਼ਮਾ ਥੈਰੇਪੀ ਲਈ ਕੋਸ਼ਿਸ਼ਾਂ ਵਿੱਚ ਅਗਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਹੈ।

ਇਸੇ ਦੌਰਾਨ ਅਨਿਲ ਕੋਹਲੀ ਦੇ ਸੰਪਰਕ 'ਚ ਆਏ ਤਿੰਨ ਜਣਿਆਂ ਦੇ ਵੀ ਕੋਵਿਡ-19 ਦੇ ਟੈਸਟ ਕੀਤੇ ਗਏ। ਇਨ੍ਹਾਂ 'ਚ ਏ.ਸੀ.ਪੀ. ਦੀ ਪਤਨੀ ਪਲਕ ਕੋਹਲੀ, ਉਸ ਦਾ ਡਰਾਈਵਰ ਸਿਪਾਹੀ ਪ੍ਰਭਜੋਤ ਸਿੰਘ (ਫਿਰੋਜ਼ਪੁਰ) ਤੇ ਅਨਿਲ ਕੋਹਲੀ ਦੀ ਸਬ ਡਵੀਜ਼ਨ ਅਧੀਨ ਪੈਂਦੇ ਖੇਤਰ ਜੋਧੇਵਾਲ ਦਾ ਸਬ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਸ਼ਾਮਲ ਹਨ।

-PTCNews

Related Post