ਪੰਜਾਬ 'ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਕਿਸੇ ਵੀ ਗਠਜੋੜ ਦੀ ਜ਼ਰੂਰਤ ਨਹੀ :ਕੈਪਟਨ

By  Shanker Badra July 24th 2018 05:41 PM -- Updated: July 24th 2018 05:44 PM

ਪੰਜਾਬ 'ਚ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਕਿਸੇ ਵੀ ਗਠਜੋੜ ਦੀ ਜ਼ਰੂਰਤ ਨਹੀ :ਕੈਪਟਨ ਅਮਰਿੰਦਰ ਸਿੰਘ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਸੇ ਗਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਖੁਦ ਸੁਖਾਲੇ ਢੰਗ ਨਾਲ ਹੀ ਇਨ੍ਹਾਂ ਚੋਣਾਂ ਦੌਰਾਨ ਜਿੱਤ ਹਾਸਲ ਕਰੇਗੀ।ਗੁਰਦਾਸਪੁਰ ਅਤੇ ਸ਼ਾਹਕੋਟ ਸਣੇ ਹਾਲ ਹੀ ਵਿੱਚ ਹੋਈਆਂ ਵੱਖ-ਵੱਖ ਚੋਣਾਂ ਦੌਰਾਨ ਕਾਂਗਰਸ ਨੂੰ ਵੱਡੀ ਜਿੱਤ ਹਾਸਲ ਹੋਣ ਦੇ ਸਬੰਧ ਵਿੱਚ ਲੋਕ ਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਕਿਸੇ ਵੀ ਗਠਜੋੜ ਦੀ ਜ਼ਰੂਰਤ ਨਹੀਂ ਹੈ।

ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਆਧਾਰ ਪੂਰੀ ਤਰ੍ਹਾਂ ਖਿਸਕ ਜਾਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਕਦੀ ਵੀ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਦੀ ਗੱਲ ਨਹੀ ਆਖੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਗਲੇ ਸਾਲ ਦੀਆਂ ਸੰਸਦੀ ਚੋਣਾਂ ਵਿੱਚ ਕਿਸੇ ਵੀ ਗਠਜੋੜ ਦੀ ਕੋਈ ਜ਼ਰੂਰਤ ਨਹੀਂ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੁਹਰਾਇਆ ਕਿ ਚੋਣਾਂ ਤੋਂ ਪਹਿਲਾਂ ਗਠਜੋੜ ਬਾਰੇ ਅੰਤਿਮ ਫੈਸਲਾ ਕਾਂਗਰਸ ਹਾਈ ਕਮਾਂਡ ਵਲੋਂ ਕੀਤਾ ਜਾਣਾ ਹੈ ਅਤੇ ਉਸ ਵਲੋਂ ਲਿਆ ਗਿਆ ਫੈਸਲਾ ਪੰਜਾਬ ਸਣੇ ਸਾਰੇ ਸੂਬਿਆਂ ਦੀਆਂ ਇਕਾਈਆਂ ਵਲੋਂ ਪ੍ਰਵਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਿਆਸੀ ਗਠਜੋੜ ਕਾਇਮ ਕਰਨਾ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਦੇ ਅਧਿਕਾਰ ਖੇਤਰ ਵਿੱਚ ਹੈ ਅਤੇ ਉਸ ਵਲੋਂ ਇਸ ਸਬੰਧੀ ਫੈਸਲਾ ਢੁਕਵੇ ਸਮੇਂ 'ਤੇ ਲਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਬਹੁਤ ਸਾਰੇ ਕਾਰਕ ਭੂਮਿਕਾ ਨਿਭਾਉਂਦੇ ਹਨ ਜਿਨ੍ਹਾਂ ਵਿੱਚ ਜਿੱਤਣ ਦੀ ਸਮਰੱਥਾ ਵੀ ਸ਼ਾਮਲ ਹੈ।ਇਸ ਕਰਕੇ ਗਠਜੋੜ ਤੋਂ ਪਹਿਲਾਂ ਆਮ ਤੌਰ 'ਤੇ ਪਾਰਟੀ ਵਲੋਂ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ |

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਥੋਂ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਬੰਧ ਹੈ ਇਸ ਵਲੋਂ ਆਪਣੇ ਵਿਚਾਰ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਉਸ ਵੇਲੇ ਰੱਖੇ ਜਾਣਗੇ ਜਦੋ ਹਾਈ ਕਮਾਂਡ ਇਸ ਵਾਸਤੇ ਕਹੇਗੀ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੇ ਵਾਂਗ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਹਰ ਸੂਬੇ ਵਿੱਚ ਜ਼ਮੀਨੀ ਸਥਿਤੀਆਂ ਨੂੰ ਧਿਆਨ ਵਿੱਚ ਰਖੇਗੀ ਅਤੇ ਕੋਈ ਵੀ ਗਠਜੋੜ ਕਰਨ ਤੋਂ ਪਹਿਲਾਂ ਸੂਬਾ ਇਕਾਈਆਂ ਦੀ ਰਾਇ ਪ੍ਰਾਪਤ ਕਰੇਗੀ।

-PTCNews

Related Post