ਪੰਜਾਬ ਦੇ ਜ਼ਹਿਰੀਲੇ ਪਾਣੀ ਨੇ ਰਾਜਸਥਾਨ 'ਚ ਮਚਾਈ ਹਾਹਾਕਾਰ,ਲੋਕਾਂ ਵਿੱਚ ਦਹਿਸ਼ਤ

By  Shanker Badra May 22nd 2018 02:27 PM

ਪੰਜਾਬ ਦੇ ਜ਼ਹਿਰੀਲੇ ਪਾਣੀ ਨੇ ਰਾਜਸਥਾਨ 'ਚ ਮਚਾਈ ਹਾਹਾਕਾਰ,ਲੋਕਾਂ ਵਿੱਚ ਦਹਿਸ਼ਤ:ਬਿਆਸ ਦਰਿਆ ਵਿੱਚ ਘੁਲਿਆ ਜ਼ਹਿਰੀਲਾ ਸੀਰਾ ਨਹਿਰਾਂ ਵਿੱਚ ਚਲਾ ਗਿਆ ਹੈ।ਇਨ੍ਹਾਂ ਨਹਿਰਾਂ ਦਾ ਪਾਣੀ ਪੀਣ ਤੋਂ ਇਲਾਵਾਂ ਪਸ਼ੂਆਂ ਤੇ ਖੇਤੀ ਦੀ ਸੰਜਾਈ ਲਈ ਵਰਤਿਆ ਜਾਂਦਾ ਹੈ।ਇਸ ਕਰਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।ਇਸ ਤੋਂ ਇਲਾਵਾ ਇਹ ਜ਼ਹਿਰੀਲਾ ਪਾਣੀ ਰਾਜਸਥਾਨ ਵੀ ਪਹੁੰਚ ਗਿਆ ਹੈ।ਇੰਦਰਾ ਨਹਿਰ ਦੇ ਕਾਲੇ ਪਾਣੀ ਵਿੱਚ ਮਰੀਆਂ ਮੱਛੀਆਂ ਤੇ ਸੱਪ ਵੇਖ ਲੋਕਾਂ ਵਿੱਚ ਦਹਿਸ਼ਤ ਹੈ।

ਇੱਥੇ ਕਈ ਇਲਾਕੇ ਪੀਣ ਵਾਲੇ ਪਾਣੀ ਲਈ ਨਹਿਰ 'ਤੇ ਹੀ ਨਿਰਭਰ ਹਨ।ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ।ਸ੍ਰੀਗੰਗਾਨਗਰ ਦੇ ਜਨ ਸਿਹਤ ਤੇ ਇੰਜਨੀਅਰਿੰਗ ਵਿਭਾਗ (ਪੀਐਚਈਡੀ) ਦੇ ਸੁਪਰਡੈਂਟ ਇੰਜਨੀਅਰ ਵਿਨੋਦ ਜੈਨ ਨੇ ਦੱਸਿਆ ਕਿ ਨਹਿਰ ਦਾ ਪਾਣੀ ਕਾਲਾ ਤੇ ਲਾਲ ਰੰਗ ਦਾ ਹੋ ਗਿਆ ਹੈ।ਇਸ ਵਿੱਚੋਂ ਬਦਬੂ ਆਉਂਦੀ ਹੈ।ਪਾਣੀ 'ਚ ਮਰੀਆਂ ਮੱਛੀਆਂ ਤੇ ਸੱਪ ਦਿਖਾਈ ਦਿੱਤੇ ਹਨ ਜਿਸ ਕਾਰਨ ਸਟੋਰੇਜ ਟੈਂਕ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਪੀਣ ਵਾਲੇ ਪਾਣੀ ਨੂੰ ਸਟੋਰ ਕੀਤਾ ਹੋਇਆ ਹੈ ਤੇ ਅਗਲੇ ਕੁਝ ਦਿਨ ਇਹ ਪਾਣੀ ਸਪਲਾਈ ਕੀਤਾ ਜਾਵੇਗਾ।ਪਾਣੀ ਦੇ ਨਮੂਨੇ ਲਏ ਗਏ ਹਨ।

ਸ੍ਰੀ ਗੰਗਾਨਗਰ ਜ਼ਿਲ੍ਹੇ ਦੀ ਰੋਜ਼ਾਨਾ ਪਾਣੀ ਦੀ ਸਪਲਾਈ 50 ਹਜ਼ਾਰ ਕਿਲੋ ਲਿਟਰ ਹੈ।ਪੀਐਚਈਡੀ ਦੇ ਵਧੀਕ ਚੀਫ਼ ਇੰਜਨੀਅਰ ਬੀ ਕ੍ਰਿਸ਼ਨ ਨੇ ਦੱਸਿਆ ਕਿ ਬੀਕਾਨੇਰ ਵਿੱਚ ਵੀ ਹਾਲ ਦੀ ਘੜੀ ਨਹਿਰ ਵਿੱਚੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਪੀਐਚਈਡੀ ਦੇ ਸੁਪਰਡੈਂਟ ਇੰਜਨੀਅਰ ਅਮਰ ਚੰਦ ਗਹਿਲੋਤ ਨੇ ਕਿਹਾ ਕਿ ਪਾਣੀ ਦੇ ਨਮੂਨੇ ਲਏ ਗਏ ਹਨ ਜੋ ਸਥਾਨਕ ਪੱਧਰ ਤੇ ਕੌਮੀ ਪ੍ਰਦੂਸ਼ਣ ਕਟਰੋਲ ਬੋਰਡ ਜੈਪੁਰ ਨੂੰ ਜਾਂਚ ਲਈ ਭੇਜੇ ਗਏ ਹਨ।

-PTCNews

Related Post