ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਮੈਨੇਜਰ ਹਰਮਨਜੀਤ ਨੂੰ ਕੀਤਾ ਮੁਅੱਤਲ

By  Shanker Badra July 2nd 2020 10:18 AM

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਮੈਨੇਜਰ ਹਰਮਨਜੀਤ ਨੂੰ ਕੀਤਾ ਮੁਅੱਤਲ:ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਮੈਨੇਜਰ (ਪੁਸਤਕਾਂ) ਹਰਮਨਜੀਤ ਨੂੰ ਡਿਊਟੀ ਵਿਚ ਕਥਿਤ ਲਾਪ੍ਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁਅੱਤਲੀ ਸਬੰਧੀ ਹੁਕਮ ਸਕੱਤਰ ਪੰਜਾਬ ਸਕੂਲ ਸਿਖਿਆ ਬੋਰਡ ਨੇ ਜਾਰੀ ਕੀਤੇ ਹਨ, ਜਿਸ ਵਿਚ ਉਸ 'ਤੇ ਖੇਤਰੀ ਮੈਨੇਜਰਾਂ ਨੂੰ ਪੱਤਰ ਲਿਖਣ ਸਮੇਂ ਗ਼ਲਤ ਤੱਥ ਲਿਖਣ ਦੇ ਦੋਸ਼ ਹਨ।

ਜਾਣਕਾਰੀ ਅਨੁਸਾਰ ਮੁਅੱਤਲੀ ਦੌਰਾਨ ਸੀਨੀਅਰ ਮੈਨੇਜਰ ਦਾ ਹੈੱਡ ਕੁਆਰਟਰ ਖੇਤਰੀ ਦਫ਼ਤਰ ਸੰਗਰੂਰ ਹੋਵੇਗਾ।ਮੁਅੱਤਲੀ ਹੁਕਮਾਂ ਵਿਚ 14 ਜੂਨ ਨੂੰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਬੋਰਡ ਦੇ ਸਮੂਹ ਖੇਤਰੀ ਦਫ਼ਤਰਾਂ ਦੇ ਜ਼ਿਲ੍ਹਾ ਮੈਨੇਜਰਾਂ ਦੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦਾ ਹਵਾਲਾ ਦਿੱਤਾ ਗਿਆ ਹੈ।

Punjab School Education Board Senior Manager Harmanjit suspended ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੀਨੀਅਰ ਮੈਨੇਜਰ ਹਰਮਨਜੀਤ ਨੂੰ ਕੀਤਾ ਮੁਅੱਤਲ

ਕਿਹਾ ਗਿਆ ਹੈ ਕਿ ਬੈਠਕ ਵਿਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਦੀਆਂ ਪਾਠ-ਪੁਸਤਕਾਂ ਪੰਜਾਬੀ ਤੇ ਹਿੰਦੀ ਮਾਧਿਅਮ ਦੇ ਨਾਲ-ਨਾਲ ਅੰਗਰੇਜ਼ੀ ਮਾਧਿਅਮ ਵਿੱਚ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਸੀਨੀਅਰ ਮੈਨੇਜਰ ਹਰਮਨਜੀਤ ਸਿੰਘ ਨੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਵਿਸ਼ਾ ਪੰਜਾਬੀ ਮਾਧਿਅਮ ਦੀ ਥਾਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣ ਸਬੰਧੀ ਗਲਤ ਤੱਥ ਦਰਜ ਕਰਦੇ ਹੋਏ ਪਾਠ-ਪੁਸਤਕਾਂ ਦੀ ਡਿਮਾਂਡ ਭੇਜਣ ਲਈ ਸਕੂਲ ਬੋਰਡ ਦੇ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਦੇ ਸਮੂਹ ਜ਼ਿਲ੍ਹਾ ਮੈਨੇਜਰਾਂ ਨੂੰ ਪੱਤਰ ਲਿਖਿਆ ਗਿਆ।

ਦੱਸਿਆ ਜਾਂਦਾ ਹੈ ਕਿ ਹੁਕਮ ਹੈ ਕਿ ਮੁਅੱਤਲੀ ਦੇ ਸਮੇਂ ਦੌਰਾਨ ਸੀਨੀਅਰ ਮੈਨੇਜਰ ਨੂੰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਤੀਹ ਜੂਨ ਨੂੰ ਜਾਰੀ ਹੋਏ ਮੁਅੱਤਲੀ ਹੁਕਮਾਂ ਦੀ ਕਾਪੀ ਸੰਯੁਕਤ ਸਕੱਤਰ,ਸਿੱਖਿਆ ਸਕੱਤਰ ਦੇ ਨਿੱਜੀ ਸਹਾਇਕ,ਚੇਅਰਮੈਨ ਬੋਰਡ ਦੇ ਨਿੱਜੀ ਸਕੱਤਰ ਤੋੰ ਇਲਾਵਾ ਬੋਰਡ ਦੇ ਵੱਖ ਵੱਖ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ।

-PTCNews

Related Post