ਹਵਾਈ ਅੱਡਿਆਂ, ਐਵਾਰਡਾਂ, ਸਮਾਜ ਭਲਾਈ ਸਕੀਮਾਂ ਉੱਪਰੋਂ ਗਾਂਧੀ ਪਰਿਵਾਰ ਦਾ ਨਾਂ ਹਟਾਇਆ ਜਾਵੇ: ਅਕਾਲੀ ਦਲ

By  Jashan A December 23rd 2018 06:53 PM

ਹਵਾਈ ਅੱਡਿਆਂ, ਐਵਾਰਡਾਂ, ਸਮਾਜ ਭਲਾਈ ਸਕੀਮਾਂ ਉੱਪਰੋਂ ਗਾਂਧੀ ਪਰਿਵਾਰ ਦਾ ਨਾਂ ਹਟਾਇਆ ਜਾਵੇ: ਅਕਾਲੀ ਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਗਾਂਧੀ ਪਰਿਵਾਰ' ਦੇ ਨਾਂ ਉੱਤੇ ਰੱਖੇ ਗਏ ਹਵਾਈ ਅੱਡਿਆਂ, ਐਵਾਰਡਾਂ ਅਤੇ ਸਮਾਜ ਭਲਾਈ ਸਕੀਮਾਂ ਦੇ ਨਾਂਵਾਂ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ 1984 ਕਤਲੇਆਮ ਵਰਗਾ ਘਿਣਾਉਣਾ ਕਾਰਾ ਕਰਵਾਉਣ ਵਾਲੇ ਇਸ ਪਰਿਵਾਰ ਦੇ ਨਾਂ ਜਨਤਕ ਥਾਵਾਂ ਦਾ ਸ਼ਿੰਗਾਰ ਬਣਾਉਣਾ ਦੇਸ਼ ਅੱਗੇ ਇੱਕ ਮਾੜੀ ਮਿਸਾਲ ਪੇਸ਼ ਕਰਨਾ ਹੈ।

ਇਸ ਸੰਬੰਧੀ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਘਿਣਾਉਣੇ ਅਪਰਾਧਾਂ ਉੱਪਰ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਤਾਜ਼ਾ ਬਿਆਨਬਾਜ਼ੀ ਨੇ ਉਹਨਾਂ ਦੇ ਦੋਗਲੇਪਣ ਨੂੰ ਨੰਗਾ ਕਰ ਦਿੱਤਾ ਹੈ।

'ਗਾਂਧੀ ਪਰਿਵਾਰ'ਦੇ ਨਾਂ ਉੱਤੇ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਨੂੰ ਵਾਪਸ ਲੈਣ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ 1984 ਵਿਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਨਾਲ ਜੁੜਿਆ ਇਕ ਨਾਂ ਅਜਿਹਾ ਸਨਮਾਨ ਲੈਣ ਦਾ ਹੱਕਦਾਰ ਨਹੀਂ ਹੈ।

ਉਹਨਾਂ ਕਿਹਾ ਕਿ ਸਾਡੇ ਦੇਸ਼ ਵਿਚ ਅਜਿਹੇ ਬਹੁਤ ਸਾਰੇ ਈਮਾਨਦਾਰ ਆਗੂ ਹੋ ਚੁੱਕੇ ਹਨ, ਜਿਹੜੇ ਇਸ ਸਨਮਾਨ ਦੇ ਹੱਕਦਾਰ ਹਨ। ਸਾਡੇ ਧਰਮ ਨਿਰਪੱਖ ਸਮਾਜ ਵੱਲੋਂ ਅਜਿਹੇ ਪਰਿਵਾਰ ਦਾ ਬਾਈਕਾਟ ਕਰਨ ਦੀ ਲੋੜ ਹੈ, ਜਿਸ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹਨ ਅਤੇ ਜਿਸ ਨੇ ਸਾਡੇ ਦੇਸ਼ ਦੀ ਵਿਭਿੰਨਤਾ ਦਾ ਸੋਸ਼ਣ ਕੀਤਾ ਹੈ। ਦੇਸ਼ ਦਾ ਸਭ ਤੋਂ ਉੱਚਾ ਸਿਵਲ ਐਵਾਰਡ ਵੀ ਇਸ ਪਰਿਵਾਰ ਨੂੰ ਨਹੀਂ ਸੀ ਦੇਣਾ ਚਾਹੀਦਾ।

ਹੋਰ ਪੜ੍ਹੋ:“ਸਿੱਟ” ਰਾਜਨੀਤੀ ਤੋਂ ਪ੍ਰੇਰਿਤ ਪਰ ਫਿਰ ਵੀ ਮੈਂ ਸਹਿਯੋਗ ਕਰਾਂਗਾ: ਬਾਦਲ

ਉਹਨਾਂ ਕਿਹਾ ਕਿ ਦੇਸ਼ ਦੇ ਸਾਰੇ ਧਰਮ-ਨਿਰਪੱਖ ਨਾਗਰਿਕਾਂ ਨੂੰ ਅਜਿਹੇ ਲੋਕਾਂ ਨੂੰ ਉੱਚਾ ਸਿਵਲ ਐਵਾਰਡ ਦੇਣ ਤੋਂ ਬਚਣਾ ਚਾਹੀਦਾ ਹੈ, ਜਿਹਨਾਂ ਦਾ ਅਤੀਤ ਦਾਗੀ ਹੈ।ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਕੋਲੋਂ ਇਹ ਸਿਵਲ ਐਵਾਰਡ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ, ਐਵਾਰਡਾਂ ਅਤੇ ਸਮਾਜਿਕ ਸਕੀਮਾਂ ਤੋਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਨਾਂ ਹਟਾ ਕੇ ਉਹਨਾਂ ਆਗੂਆਂ ਅਤੇ ਅਜ਼ਾਦੀ ਘੁਲਾਟੀਆਂ ਦੇ ਨਾਂ ਲਿਖਣੇ ਚਾਹੀਦੇ ਹਨ, ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜ਼ਿੰਦੜੀਆਂ ਵਾਰੀਆਂ ਸਨ।

ਅਕਾਲੀ ਆਗੂ ਨੇ ਗਾਂਧੀ ਪਰਿਵਾਰ ਵੱਲੋਂ ਸਾਰੀਆਂ ਸਮਾਜ ਭਲਾਈ ਸਕੀਮਾਂ, ਹਵਾਈ ਅੱਡਿਆਂ ਅਤੇ ਐਵਾਰਡਾਂ ਦੇ ਨਾਂ ਆਪਣੇ ਪਰਿਵਾਰ ਦੇ ਨਾਂ ਉੱਤੇ ਰੱਖਣ ਦੇ ਅਜਾਰੇਦਾਰੀ ਵਾਲੇ ਵਤੀਰੇ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਵਰਗੇ ਰੁਤਬੇ ਵਾਲੇ ਬਹੁਤ ਸਾਰੇ ਆਗੂ ਸਨ। ਪਰੰਤੂ ਇਹਨਾਂ ਮਾਂ-ਪੁੱਤ ਨੂੰ ਛੱਡ ਕੇ ਬਾਕੀ ਸਾਰੇ ਆਗੂਆਂ ਦੀ ਯਾਦ ਮਿਟਾਉਣ ਲਈ ਇੱਕ ਯੋਜਨਾਬੱਧ ਖੇਡ ਖੇਡੀ ਗਈ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ 1984 ਦੇ ਕਤਲੇਆਮ ਸਮੇਂ ਮੈਂ ਦਿੱਲੀ ਵਿਚ ਸੀ ਅਤੇ ਇਤਿਹਾਸ ਦਾ ਉਹ ਦੁਖਾਂਤਕ ਦੌਰ ਆਪਣੀ ਅੱਖੀ ਵੇਖਿਆ ਸੀ। ਮੇਰਾ ਪਰਿਵਾਰ ਪੀੜਤਾਂ ਦੀ ਮੱਦਦ ਲਈ ਰਾਹਤ ਕੈਂਪਾਂ ਵਿਚ ਜਾਂਦਾ ਸੀ। ਉਹ ਦੁੱਖ ਅਤੇ ਦਹਿਸ਼ਤ ਅਜੇ ਤੀਕ ਮੇਰੀਆਂ ਅੱਖਾਂ ਦੇ ਸਾਹਮਣੇ ਹੈ।

ਹੋਰ ਪੜ੍ਹੋ:’84 ਦੇ ਸ਼ਹੀਦਾਂ ਨੂੰ ਸਮਰਪਿਤ ‘ਸੱਚ ਦੀ ਕੰਧ’ ਯਾਦਗਾਰ ‘ਚ ਦੁਨੀਆ ਭਰ ਦੇ ਸਿੱਖ ਕਤਲੇਆਮ ‘ਚ ਸ਼ਹੀਦ ਹੋਣ ਵਾਲੇ ਸਿੰਘਾਂ ਦਾ ਨਾਮ ਲਿਖਿਆ ਜਾਵੇਗਾ

ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸੇਧਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ 1984 ਕਤਲੇਆਮ ਬਾਰੇ ਆਪਣਾ ਸਟੈਂਡ ਬਦਲਣਾ ਅਤੇ ਦੋਸ਼ੀਆਂ ਨੂੰ ਕਲੀਨ ਚਿਟਾਂ ਦੇਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਕੀ ਅਮਰਿੰਦਰ ਨੂੰ ਇਤਿਹਾਸਕ ਤੱਥ ਵੀ ਵਿਖਾਈ ਨਹੀਂ ਦਿੰਦੇ, ਜਿਹੜਾ ਉਹ ਇਹ ਦਾਅਵਾ ਕਰਦਾ ਹੈ ਕਿ ਗਾਂਧੀ ਪਰਿਵਾਰ ਦਾ ਸਿੱਖਾਂ ਦੀ ਨਸਲਕੁਸ਼ੀ ਵਿਚ ਕੋਈ ਹੱਥ ਨਹੀਂ ਸੀ। ਇਹ ਕਤਲੇਆਮ ਰਾਜੀਵ ਗਾਂਧੀ ਦੇ ਇਸ਼ਾਰੇ ਉਤੇ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਇਹ ਗੱਲ ਰਿਕਾਰਡ ਵਿਚ ਪਈ ਹੈ ਕਿ ਜਦੋਂ ਸਿੱਖਾਂ ਦਾ ਕਤਲੇਆਮ ਕੀਤ ਜਾ ਰਿਹਾ ਸੀ ਅਤੇ ਉਹਨਾਂ ਦੇ ਘਰ ਜਲਾਏ ਜਾ ਰਹੇ ਸਨ ਤਾਂ ਰਾਜੀਵ ਗਾਂਧੀ ਦਿੱਲੀ ਅੰਦਰ ਘੁੰਮ ਰਿਹਾ ਸੀ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਇਸ ਕਤਲੇਆਮ ਵਿਚ ਸ਼ਾਮਿਲ ਰਹੇ ਸਾਰੇ ਵਿਅਕਤੀਆਂ ਨੂੰ ਸਜ਼ਾ ਹੋਵੇਗੀ।ਕਾਨੂੰਨ ਦੇ ਹੱਥ ਬਹੁਤ ਲੰਬੇ ਹਨ ਅਤੇ ਅਕਾਲੀ ਦਲ ਇਹਨਾਂ ਸਾਰੇ ਕੇਸਾਂ ਦਾ ਨਿਪਟਾਰਾ ਕਰਵਾ ਕੇ ਦਮ ਲਵੇਗਾ।

ਅਕਾਲੀ ਆਗੂ ਨੇ ਕਿਹਾ ਕਿ ਵੱਕਾਰੀ ਐਵਾਰਡ ਭਾਰਤ ਰਤਨ ਉਹਨਾਂ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ, ਜਿਹੜੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੰਦੇ ਹਨ ਅਤੇ ਮਿਸਾਲਯੋਗ ਕੰਮ ਕਰਦੇ ਹਨ। ਰਾਜੀਵ ਗਾਂਧੀ ਇਸ ਦਾ ਹੱਕਦਾਰ ਨਹੀਂ ਹੈ। ਇਹ ਤਾਂ ਇਕ ਬੇਅਦਬੀ ਹੈ ਕਿ ਦਿੱਲੀ ਵਿਚ ਵੱਢ-ਟੁੱਕ ਕਰਵਾਉਣ ਵਾਲੇ ਵਿਅਕਤੀ ਨੂੰ ਸਨਮਾਨਿਆ ਗਿਆ ਹੈ। ਇਤਿਹਾਸ ਅਤੇ ਅਗਲੀਆਂ ਪੀੜੀਆਂ ਸਾਨੂੰ ਅਜਿਹੇ ਆਗੂਆਂ ਨੂੰ ਚਮਕਾਉਣ ਲਈ ਜ਼ਿੰਮੇਵਾਰ ਠਹਿਰਾਉਣਗੀਆਂ, ਜਿਹਨਾਂ ਨੇ ਸਾਡੇ ਧਰਮ-ਨਿਰਪੱਖ ਦੇਸ਼ ਅੰਦਰ 1947 ਤੋਂ ਬਾਅਦ ਪਹਿਲੀ ਨਸ਼ਲਕੁਸ਼ੀ ਕਰਵਾਈ ਸੀ। ਉਹਨਾਂ ਕਿਹਾ ਕਿ ਇਹ ਕਾਂਗਰਸ ਦੇ ਗੁੰਡੇ ਹੀ ਸਨ, ਜਿਹਨਾਂ ਨੇ ਰਾਜੀਵ ਗਾਂਧੀ ਵੱਲੋਂ ਉਕਸਾਉਣ ਉੱਤੇ ਦੇਸ਼ ਦੀ ਰਾਜਧਾਨੀ ਅੰਦਰ 3 ਹਜ਼ਾਰ ਸਿੱਖਾਂ ਦਾ ਕਤਲ ਕੀਤਾ ਸੀ।

-PTC News

Related Post