ਪੰਜਾਬ ਦੇ ਨੌਜਵਾਨ ਦੀ 6000 ਰੁਪਏ ਮਹੀਨਾ ਤਨਖਾਹ ,ਮਿਲਿਆ 3.49 ਕਰੋੜ ਰੁਪਏ ਦਾ ਨੋਟਿਸ , ਪੜ੍ਹੋ ਪੂਰਾ ਮਾਮਲਾ

By  Shanker Badra January 16th 2020 02:49 PM

ਪੰਜਾਬ ਦੇ ਨੌਜਵਾਨ ਦੀ 6000 ਰੁਪਏ ਮਹੀਨਾ ਤਨਖਾਹ ,ਮਿਲਿਆ 3.49 ਕਰੋੜ ਰੁਪਏ ਦਾ ਨੋਟਿਸ , ਪੜ੍ਹੋ ਪੂਰਾ ਮਾਮਲਾ:ਲੁਧਿਆਣਾ : ਲੁਧਿਆਣਾ ਦੇ 29 ਸਾਲਾ ਨੌਜਵਾਨ ਦੇ ਉਸ ਸਮੇਂ ਹੋਸ਼ ਉੱਡ ਗਏ, ਜਦੋਂ ਉਸ ਨੂੰ ਇਨਕਮ ਟੈਕਸ ਵਿਭਾਗ ਵੱਲੋਂ 3.49 ਕਰੋੜ ਰੁਪਏ ਦਾ ਭੇਜਿਆ ਨੋਟਿਸ ਮਿਲਿਆ। ਪੀੜਤ ਦਾ ਨਾਂ ਰਵੀ ਗੁਪਤਾ ਹੈ। ਉਹ ਲੁਧਿਆਣਾ 'ਚ ਇੱਕ ਨਿੱਜੀ ਕੰਪਨੀ ਵਿੱਚ 6000 ਰੁਪਏ ਮਹੀਨਾ ਤਨਖਾਹ 'ਤੇ ਕੰਮ ਕਰਦਾ ਹੈ। ਰਵੀ ਨੇ ਦੱਸਿਆ ਕਿ 30 ਮਾਰਚ 2019 ਨੂੰ ਉਸ ਨੂੰ ਇਨਕਮ ਟੈਕਸ ਵਿਭਾਗ ਤੋਂ 3 ਕਰੋੜ 49 ਲੱਖ ਰੁਪਏ ਦਾ ਇੱਕ ਨੋਟਿਸ ਮਿਲਿਆ ਸੀ ਅਤੇ ਆਮਦਨ ਕਰ ਵਿਭਾਗ ਨੇ ਰਵੀ ਨੂੰ ਇਹ ਰਕਮ 17 ਜਨਵਰੀ 2020 ਤੱਕ ਜਮਾਂ ਕਰਵਾਉਣ ਲਈ ਕਿਹਾ ਸੀ।

ਇਸ ਦੌਰਾਨ ਰਵੀ ਨੇ ਕਿਹਾ ਕਿ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਦੀ ਮਹੀਨਾਵਾਰ ਤਨਖਾਹ 6 ਹਜ਼ਾਰ ਰੁਪਏ ਹੈ ਅਤੇ ਉਸ ਨੇ ਅਜਿਹਾ ਕੀ ਕੀਤਾ ਹੈ ਕਿ ਆਮਦਨ ਟੈਕਸ ਵਿਭਾਗ ਨੇ 3 ਕਰੋੜ 49 ਲੱਖ ਰੁਪਏ ਦਾ ਨੋਟਿਸ ਭੇਜ ਦਿੱਤਾ। ਜਦੋਂ ਰਵੀ ਨੇ ਜਾਂਚ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਨਕਮ ਟੈਕਸ ਵਿਭਾਗ ਨੇ ਗੈਰ-ਕਾਨੂੰਨੀ ਬੈਂਕਿੰਗ ਲੈਣ-ਦੇਣ ਦੇ ਮਾਮਲੇ 'ਚ ਉਸ ਨੂੰ ਇਹ ਨੋਟਿਸ ਭੇਜਿਆ ਹੈ।

ਦਰਅਸਲ 'ਚ ਮੁੰਬਈ 'ਚ ਰਵੀ ਦੇ ਨਾਂ ਅਤੇ ਪਤੇ 'ਤੇ ਐਕਸਿਸ ਬੈਂਕ 'ਚ ਇੱਕ ਜਾਅਲੀ ਖਾਤਾ ਖੋਲ੍ਹਿਆ ਗਿਆ ਹੈ ਅਤੇ ਇਸ ਖਾਤੇ 'ਚੋਂ ਸਾਲ 2011 'ਚ 132 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ। ਜਦੋਂ ਰਵੀ ਸਥਾਨਕ ਦਫ਼ਤਰ ਪਹੁੰਚਿਆ ਤਾਂ ਕਿਸੇ ਨੇ ਉਸ ਦੀ ਗੱਲ ਨਾ ਸੁਣੀ। ਉਸ ਨੇ ਆਮਦਨ ਟੈਕਸ ਵਿਭਾਗ ਨੂੰ ਦੱਸਿਆ ਕਿ ਬੈਂਕ ਖਾਤਾ ਉਸ ਦਾ ਨਹੀਂ ਹੈ। ਰਵੀ ਗੁਪਤਾ ਨੇ ਆਪਣੀ ਤਨਖਾਹ ਵੀ ਆਮਦਨ ਟੈਕਸ ਅਧਿਕਾਰੀਆਂ ਨੂੰ ਦੱਸੀ ਪਰ ਆਮਦਨ ਟੈਕਸ ਅਧਿਕਾਰੀ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਸਨ।

ਰਵੀ ਨੇ ਦੱਸਿਆ ਕਿ ਜਿਸ ਪਤੇ 'ਤੇ ਬੈਂਕ ਵਿੱਚ ਖਾਤਾ ਖੁੱਲ੍ਹਿਆ ਹੈ ਉਹ ਟੀਆ ਟ੍ਰੇਡਰਜ਼ 7/ਏ, ਜੀਆਰਡੀ ਧੰਨ ਮੈਨਸਨ, ਗਜਧਰ ਰੋਡ, ਸੀ ਵਾਰਡ, ਐਸਐਸ ਰੋਡ, ਮੁੰਬਈ, ਮਹਾਰਾਸ਼ਟਰ ਹੈ। ਜਦਕਿ ਉਸ ਦਾ ਅਸਲ ਪਤਾ ਗੱਲਾ ਮੰਡੀ, ਮਿਹੋਨਾ (ਭਿੰਡ) ਅਤੇ ਮੌਜੂਦਾ ਰਿਹਾਇਸ਼ ਭਗਵਾਨ ਨਗਰ ਧੋਲੇਵਾਲ ਲੁਧਿਆਣਾ ਹੈ। ਫਿਲਹਾਲ ਉਹ ਲੁਧਿਆਣਾ ਵਿਖੇ ਕੰਮ ਕਰ ਰਿਹਾ ਹੈ।

-PTCNews

Related Post