ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਮਰਿਆਦਾ ਅਨੁਸਾਰ ਹੋਏ ਬੰਦ, ਇਸ ਸਾਲ 3.80 ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ
ਪੰਜ ਹਜ਼ਾਰ ਸ਼ਰਧਾਲੂ ਬਣੇ ਇਤਿਹਾਸਕ ਪਲਾਂ ਦੇ ਗਵਾਹ
Sri Hemkunt Sahib's gates closed : ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਦੁਪਹਿਰ 2 ਵਜੇ ਸਰਦੀਆਂ ਦੇ ਮੌਸਮ ਲਈ ਬੰਦ ਕਰ ਦਿੱਤੇ ਗਏ ਹਨ। ਇਸ ਇਤਿਹਾਸਕ ਪਲ ਨੂੰ ਯਾਦਗਾਰੀ ਬਣਾਉਣ ਲਈ ਫ਼ੌਜ ਦੇ ਬੈਂਡ ਦੇ ਨਾਲ-ਨਾਲ ਰਾਗੀ ਸਿੰਘ ਅਤੇ 5,000 ਤੋਂ ਵੱਧ ਸ਼ਰਧਾਲੂ ਘਾਂਘਰੀਆ ਪਹੁੰਚੇ। ਇਨ੍ਹਾਂ ਵਿੱਚ ਪਾਕਿਸਤਾਨ ਤੋਂ ਆਇਆ 40 ਸ਼ਰਧਾਲੂਆਂ ਦਾ ਜਥਾ ਵੀ ਸ਼ਾਮਲ ਸੀ।
ਮੌਸਮ ਵਿੱਚ ਤਬਦੀਲੀ ਦੇ ਬਾਵਜੂਦ ਹੇਮਕੁੰਟ ਘਾਟੀ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜਦੀ ਰਹੀ। ਇਸ ਸਾਲ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੋਲ੍ਹੇ ਗਏ ਸਨ ਅਤੇ ਇਸ ਯਾਤਰਾ ਦੌਰਾਨ 3.80 ਲੱਖ ਸ਼ਰਧਾਲੂਆਂ ਨੇ ਇੱਥੇ ਮੱਥਾ ਟੇਕਿਆ।">
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਕਿਵਾੜ ਬੰਦ ਹੋਣ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ ਸਮੇਤ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਘਾਂਘਰੀਆ ਪਹੁੰਚੇ।
ਟਰੱਸਟ ਦੇ ਸੀਈਓ ਸਰਦਾਰ ਸੇਵਾ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੇ ਪੇਸ਼ਾਵਰ ਤੋਂ ਵੀ ਜਥੇਦਾਰ ਪਾਪੇਂਦਰ ਸਿੰਘ ਦੀ ਅਗਵਾਈ ਹੇਠ 40 ਸ਼ਰਧਾਲੂ ਪਹੁੰਚੇ ਹੋਏ ਸਨ। ਸਾਰੇ ਸ਼ਰਧਾਲੂਆਂ ਵਿੱਚ ਬਰਫ਼ਬਾਰੀ ਨੂੰ ਲੈ ਕੇ ਕਾਫ਼ੀ ਉਤਸ਼ਾਹ ਸੀ। ਸ਼ਨੀਵਾਰ ਤੜਕੇ ਸ਼ਰਧਾਲੂਆਂ ਦੇ ਜਥੇ ਘਾਂਘਰੀਆ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 5 ਵਜੇ ਘਾਂਘਰੀਆ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਗੀ ਹੋਈ। ਸਵੇਰੇ 8 ਵਜੇ ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚੇ। ਇਸ ਤੋਂ ਬਾਅਦ ਸਵੇਰੇ 10 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਗਿਆ ਜਿਸ ਤੋਂ ਬਾਅਦ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ। ਦੁਪਹਿਰ 12:30 ਵਜੇ ਇਸ ਯਾਤਰਾ ਸੀਜ਼ਨ ਦੀ ਆਖਰੀ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਦੁਪਹਿਰ 1 ਵਜੇ ਹੁਕਮਨਾਮਾ ਲੈਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਫ਼ੌਜੀ ਬੈਂਡ ਦੀਆਂ ਮਧੁਰ ਧੁਨਾਂ ਵਿਚਕਾਰ ਦੀਵਾਨ ਹਾਲ ਤੋਂ ਲਿਜਾ ਕੇ ਸੱਚਖੰਡ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ।
ਠੀਕ ਦੁਪਹਿਰ 2 ਵਜੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸਰਦੀਆਂ ਲਈ ਬੰਦ ਕਰ ਦਿੱਤੇ ਗਏ। ਕਪਾਟ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸ੍ਰੀ ਹੇਮਕੁੰਟ ਸਾਹਿਬ ਵਿੱਚ ਭਾਰੀ ਬਰਫ਼ਬਾਰੀ ਹੋਈ ਜਿਸ ਕਾਰਨ ਪੂਰਾ ਧਾਮ ਬਰਫ਼ ਦੀ ਚਿੱਟੀ ਚਾਦਰ ਵਿੱਚ ਢੱਕ ਗਿਆ। ਕਪਾਟ ਬੰਦ ਕਰਨ ਦੀ ਪ੍ਰਕਿਰਿਆ ਸੀਜ਼ਨ ਦੀ ਆਖਰੀ ਅਰਦਾਸ ਨਾਲ ਪੂਰੀ ਹੋਈ। ਸ਼ਰਧਾਲੂਆਂ ਨੂੰ ਬਰਫ਼ ਨਾਲ ਢੱਕੇ ਸ੍ਰੀ ਹੇਮਕੁੰਟ ਸਾਹਿਬ ਦੇ ਮਨਮੋਹਕ ਦ੍ਰਿਸ਼ ਨੂੰ ਦੇਖਣ ਦਾ ਮੌਕਾ ਵੀ ਮਿਲਿਆ।
ਦੱਸ ਦੇਈਏ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਨਾਲ-ਨਾਲ ਲੋਕਪਾਲ ਘਾਟੀ ਦੇ ਹੋਰ ਧਾਰਮਿਕ ਸਥਾਨਾਂ ਦੇ ਕਪਾਟ ਵੀ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲਕਸ਼ਮਣ ਮੰਦਰ ਦੇ ਕਪਾਟ ਐਤਵਾਰ ਨੂੰ ਬੰਦ ਕੀਤੇ ਜਾਣਗੇ। ਮੰਦਰ ਦੇ ਪੁਜਾਰੀ ਮਨੀਸ਼ ਪਾਂਡੇ ਨੇ ਦੱਸਿਆ ਕਿ ਕਪਾਟ ਬੰਦ ਕਰਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ।