Wed, Nov 11, 2026
Whatsapp

Chhath Puja : ਪੰਜਾਬ ਤੋਂ ਮੁੰਬਈ ਤੱਕ ਘਾਟ ਤਿਆਰ, ਘਰ ਵਾਪਸੀ ਲਈ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ

ਰੇਲਵੇ ਨੇ ਸਪੈਸ਼ਲ ਟਰੇਨਾਂ ਚਲਾਉਣ ਦੇ ਨਾਲ ਕਈ ਹੋਰ ਪ੍ਰਬੰਧ ਵੀ ਕੀਤੇ

Reported by:  PTC News Desk  Edited by:  Jaswinder Kaur -- November 11th 2026 03:30 PM -- Updated: November 11th 2026 03:37 PM
Chhath Puja : ਪੰਜਾਬ ਤੋਂ ਮੁੰਬਈ ਤੱਕ ਘਾਟ ਤਿਆਰ, ਘਰ ਵਾਪਸੀ ਲਈ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ

Chhath Puja : ਪੰਜਾਬ ਤੋਂ ਮੁੰਬਈ ਤੱਕ ਘਾਟ ਤਿਆਰ, ਘਰ ਵਾਪਸੀ ਲਈ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ

Chhath Puja : ਦੀਵਾਲੀ ਤੋਂ ਬਾਅਦ ਹੁਣ ਦੇਸ਼ ਭਰ ਵਿੱਚ ਛੱਠ ਪੂਜਾ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪੰਜਾਬ ਤੋਂ ਲੈ ਕੇ ਮੁੰਬਈ ਤੱਕ ਵੱਖ-ਵੱਖ ਥਾਵਾਂ ’ਤੇ ਛੱਠ ਪੂਜਾ ਲਈ ਘਾਟਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਆਪਣੇ ਪਰਿਵਾਰਾਂ ਨਾਲ ਛੱਠ ਦਾ ਤਿਉਹਾਰ ਮਨਾਉਣ ਲਈ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਘਰਾਂ ਵੱਲ ਪਰਤ ਰਹੇ ਹਨ। ਇਸ ਕਾਰਨ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕਈ ਟਰੇਨਾਂ ਵਿੱਚ ਤਾਂ ਸਫ਼ਰ ਕਰਨਾ ਵੀ ਮੁਸ਼ਕਲ ਹੋ ਗਿਆ ਹੈ।

ਦੀਵਾਲੀ ਦਾ ਤਿਉਹਾਰ ਲੰਘਣ ਤੋਂ ਬਾਅਦ ਹੁਣ ਲੋਕਾਂ ਨੂੰ ਛੱਠ ਪੂਜਾ ਦੀ ਉਡੀਕ ਹੈ। ਕਈ ਲੋਕ ਪਹਿਲਾਂ ਹੀ ਆਪਣੇ ਪਿੰਡਾਂ ਵਿੱਚ ਪਹੁੰਚ ਚੁੱਕੇ ਹਨ, ਜਦਕਿ ਵੱਡੀ ਗਿਣਤੀ ਵਿੱਚ ਲੋਕ ਟਰੇਨਾਂ ਰਾਹੀਂ ਘਰਾਂ ਨੂੰ ਵਾਪਸ ਜਾ ਰਹੇ ਹਨ। ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਨਹਾਏ-ਖਾਏ ਦੀ ਰਸਮ ਤੋਂ ਪਹਿਲਾਂ ਆਪਣੇ ਪਰਿਵਾਰ ਕੋਲ ਪਹੁੰਚਿਆ ਜਾਵੇ। ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਰੇਲਵੇ ਵੱਲੋਂ ਸਪੈਸ਼ਲ ਟਰੇਨਾਂ ਚਲਾਉਣ ਦੇ ਨਾਲ-ਨਾਲ ਕਈ ਹੋਰ ਪ੍ਰਬੰਧ ਵੀ ਕੀਤੇ ਗਏ ਹਨ।

ਇਹ ਵੀ ਪੜ੍ਹੋ :

https://www.ptcnews.tv/news-in-punjabi/lakshmi-puja-goes-viral-on-diwali-by-making-a-wall-of-notes-4431594

ਮੁੰਬਈ ਦੇ ਜੁਹੂ ਬੀਚ ’ਤੇ 5 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ

ਮੁੰਬਈ ਵਿੱਚ ਵੀ ਛੱਠ ਪੂਜਾ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜੁਹੂ ਬੀਚ ’ਤੇ ਪੂਜਾ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਾਲ ਇੱਥੇ 5 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਬ੍ਰਿਹਨਮੁੰਬਈ ਨਗਰ ਨਿਗਮ (BMC) ਵੱਲੋਂ ਜਨਤਕ ਪਖਾਨਿਆਂ, ਕੱਪੜੇ ਬਦਲਣ ਲਈ ਵੱਖਰੇ ਕਮਰਿਆਂ ਅਤੇ ਪੀਣ ਵਾਲੇ ਪਾਣੀ ਸਮੇਤ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਦਿੱਲੀ ਦੇ ITO ਘਾਟ ’ਤੇ ਵੀ ਤਿਆਰੀਆਂ ਤੇਜ਼

ਦਿੱਲੀ ਦੇ ITO ਘਾਟ ’ਤੇ ਵੀ ਛੱਠ ਪੂਜਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਅਤੇ ਪੂਜਾ ਦੇ ਇੰਤਜ਼ਾਮਾਂ ਦਾ ਜਾਇਜ਼ਾ ਲੈਣ ਲਈ ਮੰਤਰੀ ਪਰਵੇਸ਼ ਵਰਮਾ ਖ਼ੁਦ ਘਾਟ ’ਤੇ ਪਹੁੰਚੇ ਅਤੇ ਉੱਥੇ ਚੱਲ ਰਹੀਆਂ ਤਿਆਰੀਆਂ ਦਾ ਨਿਰੀਖਣ ਕੀਤਾ। ਇਸੇ ਤਰ੍ਹਾਂ ਲਖਨਊ ਵਿੱਚ ਵੀ ਛੱਠ ਪੂਜਾ ਦੇ ਆਯੋਜਨ ਨੂੰ ਲੈ ਕੇ ਪ੍ਰਬੰਧ ਤੇਜ਼ ਕਰ ਦਿੱਤੇ ਗਏ ਹਨ।

ਰੇਲਵੇ ਸਟੇਸ਼ਨਾਂ ’ਤੇ ਗੂੰਜ ਰਹੇ ਛੱਠ ਦੇ ਗੀਤ

ਬਿਹਾਰ ਦੇ ਗਯਾ ਅਤੇ ਬਕਸਰ ਰੇਲਵੇ ਸਟੇਸ਼ਨਾਂ ’ਤੇ ਛੱਠ ਦੇ ਗੀਤ ਚਲਾਏ ਜਾ ਰਹੇ ਹਨ, ਜਿਸ ਨਾਲ ਸਟੇਸ਼ਨਾਂ ਦਾ ਮਾਹੌਲ ਭਗਤੀਮਈ ਬਣਿਆ ਹੋਇਆ ਹੈ। ਦੂਜੇ ਪਾਸੇ ਸਹਾਰਨਪੁਰ ਤੋਂ ਲੰਘਣ ਵਾਲੀਆਂ ਟਰੇਨਾਂ ਵਿੱਚ ਯਾਤਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕਈ ਥਾਵਾਂ ’ਤੇ ਯਾਤਰੀ ਖਿੜਕੀਆਂ ਰਾਹੀਂ ਡੱਬਿਆਂ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਟਰੇਨਾਂ ਦੇ ਦਰਵਾਜ਼ਿਆਂ ’ਤੇ ਵੀ ਇੰਨੀ ਭੀੜ ਹੈ ਕਿ ਉਨ੍ਹਾਂ ਨੂੰ ਖੋਲ੍ਹਣਾ ਤੱਕ ਮੁਸ਼ਕਲ ਹੋ ਰਿਹਾ ਹੈ। ਭੀੜ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਾਰਾਣਸੀ ਸਟੇਸ਼ਨ ’ਤੇ 180 CCTV ਕੈਮਰਿਆਂ ਰਾਹੀਂ ਨਿਗਰਾਨੀ

ਵਾਰਾਣਸੀ ਜੰਕਸ਼ਨ ’ਤੇ ਵੀ ਯਾਤਰੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਦਿੱਲੀ, ਮੁੰਬਈ, ਗੁਜਰਾਤ ਅਤੇ ਬੈਂਗਲੁਰੂ ਸਮੇਤ ਕਈ ਸ਼ਹਿਰਾਂ ਤੋਂ ਲੋਕ ਆਪਣੇ ਘਰਾਂ ਵੱਲ ਜਾ ਰਹੇ ਹਨ। ਭੀੜ ਨੂੰ ਦੇਖਦਿਆਂ ਸਟੇਸ਼ਨ ’ਤੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਸਟੇਸ਼ਨ ਡਾਇਰੈਕਟਰ ਅਰਪਿਤ ਗੁਪਤਾ ਅਨੁਸਾਰ ਸਟੇਸ਼ਨ ’ਤੇ ਲੱਗੇ 180 CCTV ਕੈਮਰਿਆਂ ਰਾਹੀਂ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਪਲੇਟਫਾਰਮਾਂ, ਫੁੱਟਓਵਰ ਬ੍ਰਿਜ ਅਤੇ ਸਟੇਸ਼ਨ ਦੇ ਬਾਹਰ ਆਉਣ-ਜਾਣ ਵਾਲੇ ਰਸਤਿਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।

ਉੱਤਰੀ ਰੇਲਵੇ ਨੇ ਚਲਾਈਆਂ 30 ਤੋਂ ਵੱਧ ਸਪੈਸ਼ਲ ਟਰੇਨਾਂ

ਛੱਠ ਮਹਾਪਰਵ ਮੌਕੇ ਘਰ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਵੱਲੋਂ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ 30 ਤੋਂ ਵੱਧ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਆਨੰਦ ਵਿਹਾਰ ਅਤੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਯਾਤਰੀ ਸਹੂਲਤ ਕੇਂਦਰ ਵੀ ਬਣਾਏ ਗਏ ਹਨ। ਭੀੜ ਨੂੰ ਘੱਟ ਕਰਨ ਲਈ ਵਾਧੂ ਟਿਕਟ ਕਾਊਂਟਰ ਖੋਲ੍ਹੇ ਗਏ ਹਨ। ਰੇਲਵੇ ਦਾ ਉਦੇਸ਼ ਛੱਠ ਮਨਾਉਣ ਲਈ ਘਰ ਪਰਤ ਰਹੇ ਲੋਕਾਂ ਦੇ ਸਫ਼ਰ ਨੂੰ ਸੌਖਾ ਅਤੇ ਸੁਰੱਖਿਅਤ ਬਣਾਉਣਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK