ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ,ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਵੱਲੋਂ ਸੰਗਤਾਂ ਨੂੰ ਵਧਾਈ
Gurugaddi Day of Sri Guru Granth Sahib Ji : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੁਰਗੱਦੀ ਦਿਵਸ ਦੇ ਸ਼ੁਭ ਅਵਸਰ ਉੱਤੇ ਸਮੁੱਚੇ ਖਾਲਸਾ ਪੰਥ ਅਤੇ ਵਿਸ਼ਵ ਭਰ ਦੀ ਨਾਨਕ ਨਾਮ ਲੇਵਾ ਸੰਗਤ ਨੂੰ ਕੋਟਿ-ਕੋਟਿ ਵਧਾਈਆਂ ਦਿੱਤੀਆਂ ਹਨ।
ਜਥੇਦਾਰ ਗੜਗੱਜ ਨੇ ਇਤਿਹਾਸਕ ਸੰਦਰਭ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸੌਂਪ ਕੇ ਸਮੁੱਚੀ ਲੋਕਾਈ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਪਾਵਨ ਹੁਕਮ ਦਾ ਚੇਤਾ ਕਰਵਾਉਂਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਤੱਖ ਗੁਰੂ ਮੰਨਣਾ ਚਾਹੀਦਾ ਹੈ ਅਤੇ ਜੀਵਨ ਵਿੱਚ ਗੁਰਬਾਣੀ ਦਾ ਓਟ-ਆਸਰਾ ਧਾਰਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ :
https://www.ptcnews.tv/news-in-punjabi/ed-summons-aap-punjabamp039s-mla-4431572
ਜਥੇਦਾਰ ਸਾਹਿਬ ਨੇ ਮਨ ਦੀ ਸਥਿਰਤਾ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਜਿਵੇਂ ਇੱਕ ਮੰਦਰ ਨੂੰ ਉਸ ਦਾ ਥੰਮ੍ਹ ਸਹਾਰਾ ਦਿੰਦਾ ਹੈ, ਠੀਕ ਉਸੇ ਤਰ੍ਹਾਂ 'ਗੁਰੂ ਕਾ ਸ਼ਬਦ' ਸਾਡੇ ਭਟਕਦੇ ਮਨ ਨੂੰ ਸਥਿਰਤਾ ਤੇ ਆਤਮਿਕ ਬਲ ਬਖਸ਼ਦਾ ਹੈ। ਗੁਰੂ ਦਾ ਸ਼ਬਦ ਹੀ ਸਾਡੇ ਜੀਵਨ ਦਾ ਅਸਲ ਆਧਾਰ ਹੈ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਨਿਯਮਿਤ ਗੁਰਬਾਣੀ ਪਾਠ ਕਰਨ ਦੀ ਅਪੀਲ ਕੀਤੀ, ਕਿਉਂਕਿ ਗੁਰਬਾਣੀ ਦਾ ਪ੍ਰਕਾਸ਼ ਹੋਣ ਨਾਲ ਘਰਾਂ ਵਿੱਚ ਗੁਰੂ ਸਾਹਿਬ ਦੀਆਂ ਅਪਾਰ ਬਰਕਤਾਂ ਵਰ੍ਹਦੀਆਂ ਹਨ।
ਅਜੋਕੇ ਸਮੇਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਮਨੁੱਖ ਪਦਾਰਥਵਾਦੀ ਦੌੜ ਅਤੇ ਮਾਨਸਿਕ ਚਿੰਤਾਵਾਂ ਵਿੱਚ ਉਲਝਿਆ ਹੋਇਆ ਹੈ। ਇਹਨਾਂ ਚਿੰਤਾਵਾਂ ਅਤੇ ਭਟਕਣਾਵਾਂ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇੱਕ ਮਾਰਗ ਗੁਰਬਾਣੀ ਨਾਲ ਜੁੜਨਾ ਹੈ। ਉਨ੍ਹਾਂ ਸੰਗਤਾਂ ਨੂੰ ਤਾਕੀਦ ਕੀਤੀ ਕਿ ਕਿਸੇ ਵੀ ਦੇਹਧਾਰੀ ਜਾਂ ਦੇਹਧਾਰੀ ਡੰਮ ਦੇ ਭੁਲੇਖੇ ਵਿੱਚ ਨਾ ਪਿਆ ਜਾਵੇ। ਦਸ ਗੁਰੂ ਸਾਹਿਬਾਨਾਂ ਦੀ ਜੋਤ, ਭਗਤ ਸਾਹਿਬਾਨਾਂ ਅਤੇ ਗੁਰਸਿੱਖਾਂ ਦੀ ਪਾਵਨ ਬਾਣੀ ਦੇ ਪ੍ਰਤੱਖ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਸੀਸ ਝੁਕਾ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਜਾਵੇ।
- PTC NEWS