ਧਾਰਮਿਕ ਤੇ ਸਮਾਜਿਕ ਇਕੱਠ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਨੇ ਲਿਆ ਸਖ਼ਤ ਫ਼ੈਸਲਾ , ਗ੍ਰਹਿ ਸਕੱਤਰ ਨੂੰ ਦਿੱਤੀ ਇਹ ਹਦਾਇਤ

By  Shanker Badra October 20th 2018 07:49 PM -- Updated: October 20th 2018 07:50 PM

ਧਾਰਮਿਕ ਤੇ ਸਮਾਜਿਕ ਇਕੱਠ ਨੂੰ ਪ੍ਰਵਾਨਗੀ ਦੇਣ ਲਈ ਮੁੱਖ ਮੰਤਰੀ ਨੇ ਲਿਆ ਸਖ਼ਤ ਫ਼ੈਸਲਾ , ਗ੍ਰਹਿ ਸਕੱਤਰ ਨੂੰ ਦਿੱਤੀ ਇਹ ਹਦਾਇਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗ੍ਰਹਿ ਸਕੱਤਰ ਐਨ.ਐਸ ਕਲਸੀ ਨੂੰ ਨਿਰਦੇਸ਼ ਦਿੱਤੇ ਹਨ ਕਿ ਧਾਰਮਿਕ ਤੇ ਸਮਾਜਿਕ ਇਕੱਠਾਂ ਲਈ ਪ੍ਰਵਾਨਗੀਆਂ ਦੇਣ ਸਬੰਧੀ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣ ਤਾਂ ਜੋ ਪਿਛਲੀ ਰਾਤ ਦੁਸਹਿਰੇ ਮੌਕੇ ਅੰਮਿ੍ਰਤਸਰ ਵਿਚ ਵਾਪਰੀ ਦੁਖਦਾਈ ਘਟਨਾ ਵਰਗੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ।ਮੁੱਖ ਮੰਤਰੀ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਕਿਸੇ ਵੀ ਹਿੱਸੇ ਵਿੱਚ ਅਜਿਹੇ ਸਮਾਗਮ ਅਤੇ ਇਕੱਠ ਕਰਨ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਤੈਅ ਕੀਤੇ ਜਾਣੇ ਚਾਹੀਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਗਹਿ ਸਕੱਤਰ ਨੂੰ ਕਿਹਾ ਕਿ ਦਿਵਾਲੀ ਦੇ ਆ ਰਹੇ ਤਿਉਹਾਰ ਦੇ ਮੱਦੇਨਜ਼ਰ ਪਟਾਕੇ ਵੇਚਣ ਅਤੇ ਪਟਾਕਿਆਂ ਦਾ ਭੰਡਾਰ ਜਮਾਂ ਕਰਨ ਵਾਲਿਆਂ ਨੂੰ ਤੁਰੰਤ ਐਡਵਾਈਜ਼ਰੀ ਜਾਰੀ ਕੀਤੀ ਜਾਵੇ ਕਿ ਤੈਅ ਕੀਤੇ ਗਏ ਸੁਰੱਖਿਆ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ’ਤੇ ਰੇਲ ਲੰਘਣ ਕਾਰਨ ਪਿਛਲੀ ਰਾਤ ਵਾਪਰੇ ਹਾਦਸੇ ਜਿਸ ਵਿਚ ਅਨੇਕਾਂ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ।ਇਸ ਘਟਨਾ ਦਾ ਸਖਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਮਾਮਲਿਆ ਵਿੱਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ।ਉਨਾਂ ਕਿਹਾ ਕਿ ਇਸ ਦੁਖਦਾਈ ਹਾਦਸੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਇਹ ਵੀ ਨਿਸ਼ਚਤ ਕਰਨਾ ਜਰੂਰੀ ਹੈ ਕਿ ਭਵਿੱਖ ਵਿਚ ਅਜਿਹਾ ਹਾਦਸਾ ਨਾ ਵਾਪਰੇ।

-PTCNews

Related Post