SA vs IND 2nd Test: ਵਿਰਾਟ ਕੋਹਲੀ ਦੂਜੇ ਟੈਸਟ ਤੋਂ ਬਾਹਰ, ਕੇਐਲ ਰਾਹੁਲ ਬਣੇ 34ਵੇਂ ਟੈਸਟ ਕਪਤਾਨ

By  Riya Bawa January 3rd 2022 02:58 PM -- Updated: January 3rd 2022 03:46 PM

SA vs IND 2nd Test: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਜੋਹਾਨਸਬਰਗ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਵਿਰਾਟ ਕੋਹਲੀ ਇਹ ਟੈਸਟ ਨਹੀਂ ਖੇਡ ਰਹੇ ਹਨ। ਉਨ੍ਹਾਂ ਦੀ ਜਗ੍ਹਾ ਕੇਐੱਲ ਰਾਹੁਲ ਟੀਮ ਦੀ ਕਪਤਾਨੀ ਕਰ ਰਹੇ ਹਨ। ਉਹ ਭਾਰਤ ਦੀ ਕਪਤਾਨੀ ਕਰਨ ਵਾਲਾ 34ਵਾਂ ਖਿਡਾਰੀ ਹੈ। ਦੱਸ ਦੇਈਏ ਕਿ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਜੋਹਾਨਸਬਰਗ 'ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ 'ਚ ਸਿਰਫ ਇਕ ਬਦਲਾਅ ਕੀਤਾ ਗਿਆ ਹੈ। ਅਨਫਿਟ ਕੋਹਲੀ ਦੀ ਜਗ੍ਹਾ ਹਨੁਮਾ ਵਿਹਾਰੀ ਨੂੰ ਪਲੇਇੰਗ 11 'ਚ ਸ਼ਾਮਲ ਕੀਤਾ ਗਿਆ ਹੈ।

ਕੇਐਲ ਰਾਹੁਲ ਨੇ ਕਪਤਾਨ ਵਜੋਂ ਆਪਣੇ ਪਹਿਲੇ ਹੀ ਟੈਸਟ ਵਿੱਚ ਟਾਸ ਵੀ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਵਿਰਾਟ ਕੋਹਲੀ ਦੀ ਪਿੱਠ 'ਚ ਦਰਦ ਹੈ ਅਤੇ ਇਸ ਕਾਰਨ ਉਹ ਨਹੀਂ ਖੇਡ ਰਹੇ ਹਨ।

ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਕਪਤਾਨੀ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਦੀ ਕਪਤਾਨੀ ਕਰਨਾ ਹਰ ਭਾਰਤੀ ਖਿਡਾਰੀ ਦਾ ਸੁਪਨਾ ਹੁੰਦਾ ਹੈ। ਮੈਂ ਇਸ ਮੌਕੇ ਨੂੰ ਲੈ ਕੇ ਉਤਸ਼ਾਹਿਤ ਹਾਂ। ਸਾਡੀ ਕੋਸ਼ਿਸ਼ ਸਕੋਰ ਬੋਰਡ 'ਤੇ ਦੌੜਾਂ ਬਣਾਉਣ ਅਤੇ ਵਿਰੋਧੀ ਟੀਮ ਨੂੰ ਦਬਾਅ 'ਚ ਲਿਆਉਣ ਦੀ ਹੋਵੇਗੀ। ਵਿਰਾਟ ਦੀ ਜਗ੍ਹਾ ਹਨੁਮਾ ਵਿਹਾਰੀ ਇਸ ਟੈਸਟ 'ਚ ਖੇਡ ਰਹੇ ਹਨ। ਬਾਕੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਕੇਐੱਲ ਰਾਹੁਲ ਲਈ ਪਿਛਲੇ 3 ਸਾਲ ਉਤਰਾਅ-ਚੜ੍ਹਾਅ ਨਾਲ ਭਰੇ ਰਹੇ ਹਨ। ਉਨ੍ਹਾਂ ਨੇ ਮੁਅੱਤਲੀ ਤੋਂ ਕਪਤਾਨੀ ਤੱਕ ਦਾ ਸਫਰ ਤੈਅ ਕੀਤਾ ਹੈ। ਜ਼ਖਮੀ ਰੋਹਿਤ ਸ਼ਰਮਾ ਦੀ ਜਗ੍ਹਾ ਕੇਐੱਲ ਰਾਹੁਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ 'ਚ ਵੀ ਟੀਮ ਦੀ ਅਗਵਾਈ ਕਰੇਗਾ। ਬੀਸੀਸੀਆਈ ਦੇ ਇਸ ਫੈਸਲੇ ਤੋਂ ਸਾਫ਼ ਹੈ ਕਿ ਉਹ ਕੇਐਲ ਰਾਹੁਲ ਨੂੰ ਭਵਿੱਖ ਦਾ ਕਪਤਾਨ ਬਣਾਉਣ ਵਿੱਚ ਲੱਗੇ ਹੋਏ ਹਨ।

-PTC News

Related Post