ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਦੋ ਲਿਫ਼ਟਾਂ ਦਾ ਕੀਤਾ ਉਦਘਾਟਨ

By  Shanker Badra October 31st 2018 06:33 PM

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਦੋ ਲਿਫ਼ਟਾਂ ਦਾ ਕੀਤਾ ਉਦਘਾਟਨ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਦੋ ਲਿਫ਼ਟਾਂ ਦਾ ਉਦਘਾਟਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ।ਇਹ ਲਿਫ਼ਟਾਂ ਜਿਥੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਾਹਰ ਬਣੇ ਪਲਾਜ਼ੇ ਤੋਂ ਸੰਗਤਾਂ ਨੂੰ ਪਰਕਰਮਾਂ ਤੱਕ ਲਿਜਾਣ ਦੀ ਸਹੂਲਤ ਮੁਹੱਈਆ ਕਰਵਾਉਣਗੀਆਂ, ਉਥੇ ਹੀ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਰੂਪਮਾਨ ਕਰਦੇ ਕੇਂਦਰੀ ਸਿੱਖ ਅਜਾਇਬ ਘਰ ਤੱਕ ਵੀ ਪਹੁੰਚਾਉਣਗੀਆਂ।ਸਿਡਲਰ ਇੰਡੀਆ ਪ੍ਰਾਈਵੇਟ ਲਿਮਿ: ਕੰਪਨੀ ਪਾਸੋਂ ਲਗਵਾਈਆਂ ਗਈਆਂ ਇਨ੍ਹਾਂ ਲਿਫ਼ਟਾਂ ਵਿਚ 10 ਵਿਅਕਤੀ ਇਕੋ ਸਮੇਂ ਖੜ੍ਹਨ ਦੀ ਸਮਰੱਥਾ ਹੈ ਅਤੇ ਇਨ੍ਹਾਂ ਦੀ ਕੀਮਤ 11-11 ਲੱਖ ਰੁਪਏ ਦੇ ਕਰੀਬ ਹੈ।

ਉਦਘਾਟਨ ਮਗਰੋਂ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦੇ ਅਧਿਆਤਮਕ ਕੇਂਦਰ ਹੋਣ ਕਰਕੇ ਇਥੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਰੋਜ਼ਾਨਾ ਪੁੱਜਦੀਆਂ ਹਨ ਅਤੇ ਬਜ਼ੁਰਗ ਤੇ ਅੰਗਹੀਣ ਸ਼ਰਧਾਲੂਆਂ ਦੀ ਸੁਵਿਧਾ ਲਈ ਇਨ੍ਹਾਂ ਲਿਫ਼ਟਾਂ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜਦੀਆਂ ਸੰਗਤਾਂ ਦੀ ਸਹੂਲਤ ਲਈ ਸਮੇਂ-ਸਮੇਂ ਯਤਨ ਕੀਤੇ ਜਾਂਦੇ ਹਨ ਅਤੇ ਇਹ ਲਿਫ਼ਟਾਂ ਵੀ ਇਨ੍ਹਾਂ ਯਤਨਾਂ ਦਾ ਹੀ ਇਕ ਹਿੱਸਾ ਹੈ।

ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਲਿਫ਼ਟਾਂ ਦਾ ਸੰਗਤਾਂ ਨੂੰ ਭਰਪੂਰ ਲਾਭ ਮਿਲੇਗਾ।ਉਦਘਾਟਨ ਤੋਂ ਪਹਿਲਾਂ ਭਾਈ ਸੁਲਤਾਨ ਸਿੰਘ ਨੇ ਅਰਦਾਸ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸ. ਮਨਜੀਤ ਸਿੰਘ ਬਾਠ, ਅਵਤਾਰ ਸਿੰਘ ਸੈਂਪਲਾ, ਦਿਲਜੀਤ ਸਿੰਘ ਬੇਦੀ, ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਨਿੱਜੀ ਸਕੱਤਰ ਸੁਖਮਿੰਦਰ ਸਿੰਘ ਐਕਸੀਅਨ, ਮੀਤ ਸਕੱਤਰ ਸਕੱਤਰ ਸਿੰਘ, ਸਿਮਰਜੀਤ ਸਿੰਘ ਕੰਗ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਇਕਬਾਲ ਸਿੰਘ ਮੁਖੀ, ਬਘੇਲ ਸਿੰਘ, ਲਖਬੀਰ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਐਸ.ਡੀ.ਓ., ਸਿਡਲਰ ਇੰਡੀਆ ਕੰਪਨੀ ਦੇ ਐਮ.ਡੀ. ਉਦੈ ਕੁਲਕਰਨੀ, ਸੀਨੀਅਰ ਵਾਈਸ ਪ੍ਰਧਾਨ ਸਲੇਸ਼ ਵਿਲੰਕਰ, ਜਨਰਲ ਮੈਨੇਜਰ ਹਰਮੀਤ ਸਿੰਘ ਤੇ ਹੋਰ ਮੌਜੂਦ ਸਨ।

-PTCNews

Related Post