ਸੰਗਰੂਰ : ਜੌਲੀਆਂ ਵਿਖੇ ਅਗਨ ਭੇਟ ਹੋਏ ਪਾਵਨ ਸਰੂਪ ਮਾਮਲੇ 'ਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ

By  Shanker Badra July 19th 2021 06:18 PM

ਅੰਮ੍ਰਿਤਸਰ : ਸੰਗਰੂਰ ਦੇ ਪਿੰਡ ਜੌਲੀਆਂ ਵਿਖੇ ਬੀਤੇ ਦਿਨੀਂ ਇਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਜੌਲੀਆਂ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਭੁਪਿੰਦਰ ਸਿੰਘ ਭਲਵਾਨ, ਬੀਬੀ ਮਲਕੀਤ ਕੌਰ ਕਮਾਲਪੁਰ, ਜਥੇਦਾਰ ਤੇਜਾ ਸਿੰਘ ਕਮਾਲਪੁਰ ਅਤੇ ਨਗਰ ਦੇ ਕੁਝ ਮੋਹਤਬਰ ਵਿਅਕਤੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਇਕ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਸ. ਜਸਪਾਲ ਸਿੰਘ ਢੱਡੇ ਨੂੰ ਸੌਂਪਿਆ।

ਉਨ੍ਹਾਂ ਮੰਗ ਕੀਤੀ ਕਿ ਨਗਰ ਜੌਲੀਆਂ ਵਿਖੇ ਇਮਾਰਤ ਨੂੰ ਅੱਗ ਲੱਗਣ ਸਮੇਂ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸ੍ਰੀ ਗੋਇੰਦਵਾਲ ਸਾਹਿਬ ਲਿਜਾਣ ਵਿਚ ਵਿਘਨ ਪਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ ਸ. ਤੇਜਾ ਸਿੰਘ ਕਮਾਲਪੁਰ ਅਤੇ ਸ. ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਪਿੰਡ ਜੌਲੀਆਂ ਵਿਖੇ ਵਾਪਰੀ ਘਟਨਾ ਮਗਰੋਂ ਜਦੋਂ ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਰਦਾਸ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਰਵਾਨਾ ਕਰ ਦਿੱਤਾ ਗਿਆ ਤਾਂ ਹਰਜਿੰਦਰ ਸਿੰਘ ਮਾਝੀ, ਅਮਰਜੀਤ ਸਿੰਘ ਕਣਕਵਾਲ ਭੰਗੂਆਂ, ਬਚਿੱਤਰ ਸਿੰਘ ਮੰਗਵਾਲ ਆਦਿ ਵੱਲੋਂ ਮਾਹੌਲ ਨੂੰ ਖਰਾਬ ਕਰਦਿਆਂ ਪ੍ਰਸਾਸ਼ਨ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਾਪਸ ਮੰਗਵਾਇਆ ਗਿਆ।

ਇਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜੀ, ਕਿਉਂਕਿ ਜਦੋਂ ਇਕ ਵਾਰ ਅਰਦਾਸਾ ਸੋਧ ਕੇ ਚਾਲੇ ਪਾ ਦਿੱਤੇ ਗਏ ਸਨ, ਤਾਂ ਮਗਰੋਂ ਆਪਣੀ ਸ਼ੋਹਰਤ ਖੱਟਣ ਲਈ ਇਨ੍ਹਾਂ ਲੋਕਾਂ ਨੇ ਅਜਿਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਨ ਭੇਟ ਹੋਏ ਸਰੂਪ ਨੂੰ ਰਸਤੇ ਵਿੱਚੋਂ ਮੋੜ ਕੇ 25 ਜੂਨ ਤੋਂ 5 ਜੁਲਾਈ 2021 ਤੱਕ ਰੋਕੀ ਰੱਖਿਆ ਗਿਆ।

ਉਨ੍ਹਾਂ ਦੋਸ਼ ਲਗਾਇਆ ਕਿ ਅਜਿਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥਕ ਰਵਾਇਤਾਂ ਦੀ ਇਨ੍ਹਾਂ ਲੋਕਾਂ ਨੇ ਤੌਹੀਨ ਕੀਤੀ ਹੈ, ਜਿਸ ਲਈ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ. ਜਗਮੇਲ ਸਿੰਘ ਛਾਜਲਾ ਪ੍ਰਧਾਨ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ, ਸ. ਬੱਬੀ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਜੌਲੀਆਂ, ਸ. ਕੁਲਵੰਤ ਸਿੰਘ ਸਾਬਕਾ ਚੇਅਰਮੈਨ ਵਾਸੀ ਜੌਲੀਆਂ ਆਦਿ ਮੌਜੂਦ ਸਨ।

-PTCNews

Related Post