ਕਾਂਗਰਸ ਸਰਕਾਰ ਦੀ ਅਣਦੇਖ਼ੀ ਦੇ ਬਾਵਜੂਦ ਪੱਕੇ ਮੋਰਚੇ 'ਤੇ ਡਟੇ ਹੋਏ ਨੇ ਬੇਰੁਜ਼ਗਾਰ ਬੀਐੱਡ ਅਧਿਆਪਕ

By  Shanker Badra November 6th 2019 06:05 PM

ਕਾਂਗਰਸ ਸਰਕਾਰ ਦੀ ਅਣਦੇਖ਼ੀ ਦੇ ਬਾਵਜੂਦ ਪੱਕੇ ਮੋਰਚੇ 'ਤੇ ਡਟੇ ਹੋਏ ਨੇ ਬੇਰੁਜ਼ਗਾਰ ਬੀਐੱਡ ਅਧਿਆਪਕ: ਸੰਗਰੂਰ :  8 ਸਤੰਬਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ 'ਤੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਅਨੇਕਾਂ ਔਕੜਾਂ, ਪੰਜਾਬ ਸਰਕਾਰ ਦੀ ਅਣਦੇਖ਼ੀ ਦੇ ਬਾਵਜੂਦ ਮੋਰਚੇ 'ਤੇ ਡਟੇ ਹੋਏ ਹਨ। ਸੂਬਾ ਵਿੱਤ ਸਕੱਤਰ ਨਵਜੀਵਨ ਸਿੰਘ ਬਰਨਾਲਾ ਨੇ ਕਿਹਾ ਕਿ ਮੇਰੇ ਲਈ ਮੋਰਚੇ ਦਾ ਟੈਂਟ ਹੀ ਘਰ ਬਣ ਗਿਆ ਹੈ, ਭਾਵੇਂ ਸਰਕਾਰ ਸਾਡੇ ਸੰਘਰਸ਼ ਨੂੰ ਅੱਖੋਂ-ਪਰੋਖੇ ਕਰਕੇ ਵਕਤ ਲੰਘਾਉਣਾ ਚਾਹੁੰਦੀ ਹੈ, ਪਰ ਸੰਘਰਸ਼-ਲੰਮਾ ਤੇ ਲਮਕਵਾਂ ਦੀ ਲੀਹ 'ਤੇ ਚੱਲਦਿਆਂ ਮੋਰਚਾ ਜਾਰੀ ਰਹੇਗਾ।

ਸੂਬਾ ਕਮੇਟੀ ਮੈਂਬਰ ਮਨਜੀਤ ਕੌਰ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ 'ਚ ਮੋਰਚੇ ਸਦਕਾ ਜਿੰਨੀਆਂ ਟੈੱਸਟ ਪਾਸ ਲੜਕੀਆਂ ਨਾਲ ਮੇਰਾ ਸੰਪਰਕ ਹੋਇਆ ਹੈ, ਉਨ੍ਹਾਂ ਦੋ ਸਾਲਾਂ 'ਚ ਨਹੀਂ ਸੀ ਹੋ ਸਕਿਆ, ਇਸ ਕਰਕੇ ਸਾਡੇ ਲਈ ਪੱਕੇ ਮੋਰਚੇ ਦੀ ਅਹਿਮੀਅਤ ਵਿਸ਼ੇਸ਼ ਅਰਥ ਰੱਖਦੀ ਹੈ। ਸੁਖਵੀਰ ਦੁਗ਼ਾਲ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਭਾਵੇਂ ਦਸੰਬਰ ਤੱਕ ਰੈਸ਼ਨੇਲਾਈਜੇਸ਼ਨ ਕਰਕੇ ਨਵੀਆਂ ਅਸਾਮੀਆਂ ਕੱਢਣ ਦਾ ਬਿਆਨ ਦੇ ਚੁੱਕੇ ਹਨ, ਪਰ ਇਹਨਾਂ ਤੋਂ ਪਹਿਲਾਂ ਰਹੇ ਮੰਤਰੀ ਸੋਨੀ ਨੇ ਵੀ ਰੈਸ਼ਨੇਲਾਈਜੇਸ਼ਨ ਦੇ ਬਹਾਨੇ ਲਾਉਂਦਿਆਂ ਮਹਿਜ਼ ਵਕਤ ਲੰਘਾਇਆ ਸੀ, ਇਸ ਕਰਕੇ ਨੋਟੀਫਿਕੇਸ਼ਨ ਹੋਣ ਤੱਕ ਮੈਂ ਪੱਕੇ ਮੋਰਚੇ 'ਚ ਹਾਜ਼ਰੀ ਭਰਦਾ ਰਹਾਂਗਾ।

ਪੰਜਾਬ ਸਰਕਾਰ ਵੱਲੋਂ ਸੇਵਾ-ਮੁਕਤੀ ਦੀ ਉਮਰ-ਹੱਦ 'ਚ ਵਾਧੇ/ਐਕਸ਼ਟੈਂਸਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਦੀ ਖ਼ਬਰ 'ਤੇ ਟਿੱਪਣੀ ਕਰਦਿਆਂ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਇਹ ਸਰਾਸਰ ਬੇਰੁਜ਼ਗਾਰ ਨੌਜਵਾਨਾਂ ਨਾਲ ਬੇਇਨਸਾਫ਼ੀ ਹੈ, ਨੌਕਰੀ ਲਈ ਨਿਰਧਾਰਤ ਸੀਮਾ ਪੂਰੀ ਕਰ ਚੁੱਕੇ ਮੁਲ਼ਾਜ਼ਮਾਂ ਨੂੰ ਤੁਰੰਤ ਸੇਵਾ-ਮੁਕਤ ਕਰਕੇ ਨਵੇਂ ਉਮੀਦਵਾਰਾਂ ਲਈ ਰਾਹ ਖੋਲ੍ਹਿਆ ਜਾਵੇ। ਮੋਰਚੇ ਦੌਰਾਨ ਹਾਜ਼ਰ ਰਹੇ ਕੁਲਦੀਪ ਪਟਿਆਲਾ, ਹਰਦਮ ਸਿੰਘ, ਕੁਲਵੰਤ ਲੌਂਗੋਵਾਲ, ਚਰਨਜੀਤ ਕੌਰ ਕਿਸ਼ਨਗੜ੍ਹ, ਗਗਨਦੀਪ ਕੌਰ, ਸੰਦੀਪ ਕੌਰ, ਤਾਰਾ ਸਿੰਘ, ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰੀ ਸਕੂਲਾਂ 'ਚ ਖਾਲੀ ਪਈਆਂ ਕਰੀਬ 30 ਹਜ਼ਾਰ ਅਸਾਮੀਆਂ ਭਰਨ ਦੀ ਮੰਗ ਕੀਤੀ।

Related Post