ਸਨੌਰ ਕਾਂਡ ਦੇ ਪੀੜ੍ਹਤ ਅਮਰਦੀਪ ਅਤੇ ਨਿਤਿਨ ਨੂੰ ਰਾਜਿੰਦਰਾ ਹਸਪਤਾਲ ਤੋਂ ਮਿਲੀ ਛੁੱਟੀ

By  Shanker Badra August 10th 2018 01:12 PM

ਸਨੌਰ ਕਾਂਡ ਦੇ ਪੀੜ੍ਹਤ ਅਮਰਦੀਪ ਅਤੇ ਨਿਤਿਨ ਨੂੰ ਰਾਜਿੰਦਰਾ ਹਸਪਤਾਲ ਤੋਂ ਮਿਲੀ ਛੁੱਟੀ:ਸਨੌਰ ਪੁਲਿਸ ਥਾਣੇ ਵਿੱਚ ਬੀਤੇ ਦਿਨੀਂ ਕੁੱਝ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।ਜਿਸ ਤੋਂ ਬਾਅਦ ਅੱਜ ਪੀੜਤ ਨੌਜਵਾਨ ਅਮਰਦੀਪ ਨੂੰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਇਸ ਦੇ ਨਾਲ ਹੀ ਨਿਤਿਨ ਨੂੰ ਵੀ ਛੁੱਟੀ ਮਿਲ ਗਈ ਹੈ।ਡਾਕਟਰਾਂ ਨੇ ਦਵਾਈਆਂ ਲਿਖ ਕੇ ਦਿੱਤੀਆਂ ਹਨ ਅਤੇ ਘਰ ਆਰਾਮ ਲਈ ਕਿਹਾ ਹੈ। ਦੱਸ ਦੇਈਏ ਕਿ ਇਸ ਮਾਮਲੇ ਨੂੰ ਪੀ.ਟੀ.ਸੀ ਨਿਊਜ਼ ਨੇ ਪ੍ਰਮੁੱਖਤਾ ਨਾਲ ਚੁੱਕਿਆ ਸੀ।ਜਿਸ ਤੋਂ ਬਾਅਦ ਪਟਿਆਲਾ ਦੇ ਐੱਸ.ਐੱਸ.ਪੀ. ਨੇ ਕਾਰਵਾਈ ਕਰਦੇ ਹੋਏ ਏ.ਐਸ.ਆਈ. ਨਰਿੰਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਸੀ।ਉਥੇ ਹੀ ਉਸ ਵਿਰੁਧ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਮਾਮਲੇ 'ਤੇ ਸਨੌਰ ਪਿੰਡ ਵਾਸੀਆਂ ਵੱਲੋਂ ਕੱਲ ਪੁਲਿਸ ਦੀ ਗੁੰਡਾਗਰਦੀ ਦੇ ਖਿਲਾਫ ਰੋਸ ਮਾਰਚ ਕਰਕੇ ਥਾਣੇ ਦਾ ਘਿਰਾਓ ਕੀਤਾ ਸੀ।ਇਸ ਤੋਂ ਪਹਿਲਾਂ ਸਨੌਰ ਪਿੰਡ ਵਾਸੀਆਂ ਨੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਭਾਰੀ ਇਕੱਠ ਕੀਤਾ ਸੀ ,ਜਿਸ ਦੇ ਵਿੱਚ ਪਰਿਵਾਰ ਦੇ ਲੋਕ ਵੀ ਸ਼ਾਮਿਲ ਹੋਏ ਸਨ।ਇਸ ਮੌਕੇ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਪਹੁੰਚੇ ਸਨ।ਉਨ੍ਹਾਂ ਨੇ ਦੱਸਿਆ ਕਿ ਪੀੜ੍ਹਤ ਨੌਜਵਾਨ ਵੱਲੋਂ ਪੁਲਿਸ ਵਾਲਿਆਂ ਨੂੰ ਦਸਤਾਰ ਨਾ ਲਾਹੁਣ ਦੀ ਬੇਨਤੀ ਕੀਤੀ ਪਰ ਫਿਰ ਵੀ ਪੁਲਿਸ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।ਉਨ੍ਹਾਂ ਨੇ ਦਸਤਾਰ ਤੇ ਕੇਸਾਂ ਦੀ ਬੇਆਦਬੀ ਕਰਨ ਤੇ 295 ਧਾਰਾ ਲਾਉਣ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਬਾਕੀ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। -PTCNews

Related Post