ਵਿਆਹ 'ਤੇ ਨਾ ਬੁਲਾਉਣ ਤੋਂ ਰੁੱਸਿਆ ਸਰਪੰਚ, ਰੌਲ਼ਾ ਪਹੁੰਚਿਆ ਥਾਣੇ ਤੱਕ

By  Panesar Harinder July 15th 2020 05:01 PM -- Updated: July 15th 2020 05:14 PM

ਮਾਹਿਲਪੁਰ - ਚੋਣਾਂ ਤੋਂ ਪਹਿਲਾਂ ਖ਼ੁਦ ਨੂੰ ਲੋਕਾਂ ਦਾ ਸੇਵਕ ਦੱਸਣ ਵਾਲੇ ਸਿਆਸੀ ਆਗੂਆਂ ਦੇ, ਚੋਣਾਂ 'ਚ ਕਾਮਯਾਬੀ ਦਾ ਨਸ਼ਾ ਕਿਵੇਂ ਸਿਰ ਚੜ੍ਹ ਬੋਲਦਾ ਹੈ, ਇਸ ਦੀ ਉਦਾਹਰਨ ਮਾਹਿਲਪੁਰ ਨੇੜਲੇ ਪਿੰਡ ਦਾਤਾ 'ਚ ਦੇਖਣ ਨੂੰ ਮਿਲੀ। ਪਿੰਡ ਦੇ ਸਰਪੰਚ ਨੇ ਆਪਣੇ ਹੀ ਗੁਆਂਢ 'ਚ ਰਹਿੰਦੇ ਇੱਕ ਵਿਅਕਤੀ ਦੇ ਕਾਗਜ਼ ਇਸ ਕਰਕੇ ਤਸਦੀਕ ਨਹੀਂ ਕੀਤੇ ਕਿਉਂਕਿ ਉਨ੍ਹਾਂ ਨੇ ਸਰਪੰਚ ਨੂੰ ਵਿਆਹ 'ਚ ਸੱਦਾ ਪੱਤਰ ਨਹੀਂ ਭੇਜਿਆ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਖਿਝੇ ਸਰਪੰਚ ਨੇ ਆਪਣੀ ਸਿਆਸੀ ਪਹੁੰਚ ਨਾਲ ਬਦਲੇ ਦੀ ਭਾਵਨਾ ਨਾਲ ਉਕਤ ਪਰਿਵਾਰ ਨੂੰ ਥਾਣੇ ਸੱਦ ਕੇ ਜ਼ਬਰਦਸਤੀ ਮਾਫ਼ੀ ਮੰਗਵਾ ਕੇ ਉਸ ਦੀ ਵੀ ਵੀਡੀਓ ਵਾਇਰਲ ਕਰ ਦਿੱਤੀ, ਜਿਸ ਕਾਰਨ ਇਹ ਮਾਮਲਾ ਸਾਰੇ ਇਲਾਕੇ ਸਮੇਤ ਸੋਸ਼ਲ ਮੀਡੀਆ 'ਤੇ ਸੂਬੇ ਭਰ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

Sarpanch denied to sign Mahilpur Hoshiarpur

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਯੁੱਧਵੀਰ ਪੁੱਤਰ ਰਵਿੰਦਰ ਦੱਤ ਵਾਸੀ ਦਾਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਹਿਮਾਚਲ ਪ੍ਰਦੇਸ਼ 'ਚ ਹੋਇਆ ਸੀ। ਸਿਹਤ ਵਿਭਾਗ ਤੇ ਸਰਕਾਰ ਦੀਆਂ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਆਹ 'ਚ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਸੀ, ਪਰ ਫਿਰ ਵੀ ਉਨ੍ਹਾਂ ਸਰਪੰਚ ਦੇ ਘਰ ਵਿਆਹ ਦੀ ਮਠਿਆਈ ਭੇਜੀ ਸੀ ਜੋ ਕਿ ਸਰਪੰਚ ਨੇ ਮੋੜ ਦਿੱਤੀ। ਉਸ ਨੇ ਦੱਸਿਆ ਕਿ ਆਪਣੀ ਭੈਣ ਦੇ ਕੁਝ ਕਾਗਜ਼ ਪੱਤਰ ਤਸਦੀਕ ਕਰਵਾਉਣ ਲਈ ਪਿੰਡ ਦੇ ਪੰਚ ਨੂੰ ਭੇਜਿਆ ਸੀ, ਜਿਸ ਨੂੰ ਸਰਪੰਚ ਨੇ ਇਹ ਕਿਹਾ ਕਿ ਕਾਗਜ਼ ਤਸਦੀਕ ਕਰਵਾਉਣ ਪਰਿਵਾਰ ਵਾਲੇ ਆਪ ਆਉਣ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਹੁਕਮਾਂ ਅਨੁਸਾਰ ਉਹ ਆਪ ਕਾਗਜ਼ ਲੈ ਕੇ ਸਰਪੰਚ ਗੋਪਾਲ ਦੱਤ ਕੋਲ ਉਸ ਦੀ ਦੁਕਾਨ 'ਤੇ ਗਿਆ ਤਾਂ ਸਰਪੰਚ ਸਾਹਿਬ ਨੇ ਕਾਗ਼ਜ਼ਾਂ 'ਤੇ ਤਸਦੀਕ ਕਰਨ ਤੋਂ ਇਨਕਾਰ ਕਰ ਦਿੱਤਾ, ਅਤੇ ਕਿਹਾ ਕਿ ਉਨ੍ਹਾਂ ਨੇ ਸਰਪੰਚ ਨੂੰ ਵਿਆਹ 'ਤੇ ਨਹੀਂ ਬੁਲਾਇਆ, ਇਸ ਲਈ ਉਹ ਕਾਗਜ਼ਾਂ 'ਤੇ ਦਸਖ਼ਤ ਨਹੀਂ ਕਰੇਗਾ। ਯੁੱਧਵੀਰ ਨੇ ਦੱਸਣ ਅਨੁਸਾਰ ਉਸ ਨੇ ਮਨ੍ਹਾ ਕਰਦੇ ਸਰਪੰਚ ਦੀ ਵੀਡੀਓ ਬਣਾ ਲਈ ਤਾਂ ਬਾਅਦ 'ਚ ਅੱਗ ਬਗੂਲਾ ਹੋਏ ਸਰਪੰਚ ਨੇ ਸਿਆਸੀ ਪਹੁੰਚ ਨਾਲ ਉਸ ਨੂੰ ਥਾਣੇ ਸੱਦ ਲਿਆ, ਜਿੱਥੇ ਕੋਟਫ਼ਤੂਹੀ ਦੇ ਚੌਕੀ ਇੰਚਾਰਜ ਨੇ ਉਸ ਨੂੰ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਰਾਜ਼ੀਨਾਮਾ ਲਿਖਵਾਇਆ।

Sarpanch denied to sign Mahilpur Hoshiarpur

ਜਦੋਂ ਇਸ ਬਾਰੇ ਗੱਲ ਕਰਨ ਲਈ ਸਰਪੰਚ ਗੋਪਾਲ ਦੱਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉੱਧਰ ਥਾਣੇਦਾਰ ਬੁੱਧ ਸਿੰਘ ਨੇ ਦੱਸਿਆ ਕਿ ਉਸ ਨੇ ਰਾਜ਼ੀਨਾਮਾ ਜ਼ਬਰਦਸਤੀ ਨਹੀਂ ਕਰਵਾਇਆ, ਬਲਕਿ ਰਾਜ਼ੀਨਾਮਾ ਆਪਸੀ ਸਹਿਮਤੀ ਨਾਲ ਹੋਇਆ ਹੈ, ਅਤੇ ਦੋਵਾਂ ਧਿਰਾਂ ਵੱਲੋਂ ਵੀਡੀਓ ਵਾਇਰਲ ਕਰਨਾ ਗ਼ਲਤ ਹੈ।

Sarpanch denied to sign Mahilpur Hoshiarpur

ਪੰਚੀ ਤੇ ਸਰਪੰਚੀ ਸਿਆਸਤ ਦੀ ਪਹਿਲੀ ਪੌੜੀ ਹੈ ਜਿੱਥੋਂ ਸਾਡੇ ਦੇਸ਼ ਦੀ ਸਿਆਸਤ ਸ਼ੁਰੂ ਹੁੰਦੀ ਹੈ। ਲੋਕਾਂ ਦੇ ਦਿੱਤੇ ਫ਼ਤਵੇ ਨੂੰ ਨਿਭਾਉਣ ਦੀ ਖੁਸ਼ੀ ਅਤੇ ਚਾਅ ਹੋਣਾ ਚਾਹੀਦਾ ਹੈ, ਨਾ ਕਿ ਇਹ ਆਪਣੇ ਹੀ ਪਿੰਡ ਦੇ ਪਰਿਵਾਰ ਵਰਗੇ ਲੋਕਾਂ ਉੱਤੇ ਕੋਈ ਅਹਿਸਾਨ। ਨਾਗਰਿਕਾਂ ਤੇ ਪੰਚਾਂ ਸਰਪੰਚਾਂ ਦਾ ਮਿਲਵਰਤਨ ਹੀ ਪਿੰਡ ਦੇ ਵਿਕਾਸ ਦਾ ਆਧਾਰ ਸਾਬਤ ਹੁੰਦਾ ਹੈ।

Related Post