ਭਗਤ ਰਵਿਦਾਸ ਜੀ ਦੇ ਅਸਥਾਨ ਦਾ ਮਾਮਲਾ ਹੱਲ ਕਰਨ ਲਈ ਹੋਣ ਸੰਜੀਦਾ ਯਤਨ: ਭਾਈ ਲੌਂਗੋਵਾਲ

By  Jashan A August 13th 2019 03:38 PM

ਭਗਤ ਰਵਿਦਾਸ ਜੀ ਦੇ ਅਸਥਾਨ ਦਾ ਮਾਮਲਾ ਹੱਲ ਕਰਨ ਲਈ ਹੋਣ ਸੰਜੀਦਾ ਯਤਨ: ਭਾਈ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਪੂਰਾ ਦਿਨ, ਜਦਕਿ ਸ਼੍ਰੋਮਣੀ ਕਮੇਟੀ ਦਫ਼ਤਰ ਅੱਧਾ ਦਿਨ ਰਹੇ ਬੰਦ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਹੈ ਕਿ ਦੇਸ਼ ਅੰਦਰ ਵੱਸਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਉਨ੍ਹਾਂ ਦਿੱਲੀ ਵਿਖੇ ਭਗਤ ਰਵਿਦਾਸ ਜੀ ਦਾ ਪੁਰਾਤਨ ਅਸਥਾਨ ਢਾਹੇ ਜਾਣ ਦੇ ਮਾਮਲੇ ਵਿਚ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਜਿਸ ਨੂੰ ਸੁਲਝਾਉਣ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਭਾਈ ਲੌਂਗੋਵਾਲ ਨੇ ਅਸਥਾਨ ਢਾਹੇ ਜਾਣ ਮਗਰੋਂ ਦੇਸ਼ ਅੰਦਰ ਬਣੇ ਤਲਖ਼ੀ ਵਾਲੇ ਮਾਹੌਲ ਨੂੰ ਸ਼ਾਂਤ ਕਰਨ ਲਈ ਸਰਕਾਰਾਂ ਨੂੰ ਸੰਜੀਦਾ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਧਰਮ ਦੀਆਂ ਮਾਨਤਾਵਾਂ ਅਤੇ ਧਰਮ ਅਸਥਾਨਾਂ ਦਾ ਆਪੋ-ਆਪਣੀ ਥਾਂ ਸਤਿਕਾਰ ਹੈ। ਬਹੁ-ਧਰਮੀ ਅਤੇ ਬਹੁ-ਕੌਮੀ ਦੇਸ਼ ਅੰਦਰ ਹਰ ਧਰਮ ਦਾ ਸਤਿਕਾਰ ਬਹਾਲ ਰਹਿਣਾ ਚਾਹੀਦਾ ਹੈ।

ਉਨ੍ਹਾਂ ਆਖਿਆ ਕਿ ਦਿੱਲੀ ਦੇ ਤੁਗਲਕਾਬਾਦ ਖੇਤਰ ਅੰਦਰ ਭਗਤ ਰਵਿਦਾਸ ਜੀ ਦੇ ਅਸਥਾਨ ਨੂੰ ਤੋੜਨਾ ਠੀਕ ਨਹੀਂ ਸੀ। ਭਾਈ ਲੌਂਗੋਵਾਲ ਨੇ ਧਰਮ ਦੇ ਮਹੱਤਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਅੱਜ ਦੇਸ਼ ਦਾ ਸੱਭਿਆਚਾਰ ਬਚਿਆ ਹੋਇਆ ਹੈ ਤਾਂ ਉਹ ਧਰਮ ਆਗੂਆਂ ਦੀ ਬਦੌਲਤ ਹੀ ਹੈ। ਪਰੰਤੂ ਜੇਕਰ ਧਰਮ ਅਸਥਾਨਾਂ ਨੂੰ ਹੀ ਢਾਹੁਣ ਦੇ ਯਤਨ ਹੋਣਗੇ ਤਾਂ ਦੇਸ਼ ਦੀ ਸੰਸਕ੍ਰਿਤੀ ਵੀ ਸੁਰੱਖਿਅਤ ਨਹੀਂ ਰਹੇਗੀ। ਉਨ੍ਹਾਂ ਆਖਿਆ ਕਿ ਇਸ ਮਾਮਲੇ ਨੂੰ ਸੁਹਿਰਦ ਭਾਵਨਾ ਨਾਲ ਹੱਲ ਕਰ ਲੈਣਾ ਚਾਹੀਦਾ ਹੈ।

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਜ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਰੱਖੇ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਭਗਤ ਰਵਿਦਾਸ ਜੀ ਦਾ ਅਸਥਾਨ ਢਾਹੇ ਜਾਣ ਕਾਰਨ ਭਾਈਚਾਰੇ ਅੰਦਰ ਰੋਸ ਅਤੇ ਰੋਹ ਹੈ। ਇਸ ਦੇ ਚੱਲਦਿਆਂ ਪੰਜਾਬ ਬੰਦ ਦੇ ਸੱਦੇ ’ਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਬੰਦ ਰੱਖੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਕਰ ਦਿੱਤੇ ਗਏ।

-PTC News

Related Post