ਦੀਵਾਨ ਰੋਕਣ ਸਬੰਧੀ ਭਾਈ ਲੌਂਗੋਵਾਲ ’ਤੇ ਢੱਡਰੀਆਂ ਵਾਲੇ ਦੇ ਇਲਜ਼ਾਮ ਬੇਬੁਨਿਆਦ: ਕੁਲਵਿੰਦਰ ਸਿੰਘ ਰਮਦਾਸ

By  Jashan A February 5th 2020 02:31 PM

ਅੰਮ੍ਰਿਤਸਰ: ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ’ਤੇ ਸੰਗਰੂਰ ਦੇ ਗਿਦੜਿਆਣੀ ’ਚ ਸਮਾਗਮ ਰੋਕਣ ਸਬੰਧੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਹਨ।

ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਜੇਕਰ ਢੱਡਰੀਆਂ ਵਾਲੇ ਪਾਸ ਇਸ ਸਬੰਧੀ ਕੋਈ ਸਬੂਤ ਹੈ ਤਾਂ ਉਹ ਜਨਤਕ ਕਰੇ। ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਖੁਦ ਹੀ ਆਪਣੇ ਵਿਰੋਧ ਲਈ ਜ਼ੁੰਮੇਵਾਰ ਹੈ ਕਿਉਂਕਿ ਉਹ ਸਿੱਖੀ ਪ੍ਰਚਾਰ ਦੇ ਨਾਮ ’ਤੇ ਸਿੱਖ ਰਵਾਇਤਾਂ, ਸੰਸਥਾਵਾਂ, ਇਤਿਹਾਸ ਅਤੇ ਗੁਰਬਾਣੀ ਤੇ ਕਿੰਤੂ ਕਰਦਾ ਹੈ।

ਇਸੇ ਕਰਕੇ ਹੀ ਸੰਗਤ ਵੱਲੋਂ ਉਸ ਦਾ ਵਿਰੋਧ ਹੁੰਦਾ ਹੈ ਜਦਕਿ ਢੱਡਰੀਆਂ ਵਾਲਾ ਇਸ ਦਾ ਦੋਸ਼ ਹੋਰਨਾਂ ਤੇ ਮੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਸਰਵਉੱਚ ਅਸਥਾਨ ਹਨ ਅਤੇ ਢੱਡਰੀਆਂ ਵਾਲਾ ਆਪਣੀ ਹਉਮੈ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੇ ਰਾਹ ਤੁਰਿਆ ਹੋਇਆ ਹੈ।

ਉਸ ਦੇ ਪ੍ਰਚਾਰ ਨਾਲ ਦੇਸ਼-ਦੁਨੀਆਂ ’ਚ ਵਸਦੀ ਸੰਗਤ ਅੰਦਰ ਰੋਸ ਅਤੇ ਰੋਹ ਦੀ ਲਹਿਰ ਹੈ। ਨਾ ਤਾਂ ਉਹ ਕਿਸੇ ਨਾਲ ਬੈਠ ਕੇ ਵਿਚਾਰ-ਚਰਚਾ ਕਰਨੀ ਚਾਹੁੰਦਾ ਹੈ ਅਤੇ ਨਾ ਹੀ ਮਨ-ਘੜਤ ਗੱਲਾਂ ਬਾਰੇ ਸਪਸ਼ਟ ਕਰਨ ਨੂੰ ਤਿਆਰ ਹੈ।

ਹੋਰ ਪੜ੍ਹੋ: ਕਾਂਗਰਸ ਸਰਕਾਰ ਦੀ ਅਣਦੇਖ਼ੀ ਦੇ ਬਾਵਜੂਦ ਪੱਕੇ ਮੋਰਚੇ 'ਤੇ ਡਟੇ ਹੋਏ ਨੇ ਬੇਰੁਜ਼ਗਾਰ ਬੀਐੱਡ ਅਧਿਆਪਕ

ਜੇਕਰ ਸਿੱਖ ਪ੍ਰਚਾਰਕ ਹੀ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਾਉਣਗੇ ਤਾਂ ਉਸ ਦਾ ਵਿਰੋਧ ਹੋਣਾ ਕੁਦਰਤੀ ਹੈ। ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਇਕੱਲਾ ਢੱਡਰੀਆਂ ਵਾਲਾ ਹੀ ਨਹੀਂ ਸਗੋਂ ਉਸ ਤੇ ਕੁਝ ਹੋਰ ਚੇਲੇ ਵੀ ਸਿੱਖੀ ਵਿਰੁੱਧ ਬੋਲ ਰਹੇ ਹਨ। ਪਤਾ ਨਹੀਂ ਅਜਿਹਾ ਕਰਕੇ ਉਹ ਕੌਮ ਦਾ ਕੀ ਸਵਾਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਬਿਨ੍ਹਾਂ ਜਾਂਚ-ਪੜਤਾਲ ਦੇ ਆਪ ਮੁਹਾਰੇ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁਖੀ ’ਤੇ ਮਨ-ਘੜਤ ਦੋਸ਼ ਲਗਾਉਣੇ ਉਸ ਦੀ ਚਤੁਰਾਈ ਤਾਂ ਹੋ ਸਕਦੀ ਹੈ ਸਿਆਣਪ ਨਹੀਂ। ਰਮਦਾਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਹਮੇਸ਼ਾ ਹੀ ਪ੍ਰਚਾਰਕ ਸ਼੍ਰੇਣੀ ਦੀ ਏਕਤਾ ਤੇ ਇਕਸੁਰਤਾ ਦੀ ਹਮਾਇਤੀ ਹੈ।

ਇਕਜੁਟਤਾ ਨਾਲ ਹੀ ਸਿੱਖੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲੇ ਨੂੰ ਆਪਣੀ ਹਉਮੈ ਦਾ ਤਿਆਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇਸ਼-ਵਿਦੇਸ਼ ’ਚ ਵਸਦੀ ਸਿੱਖ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਈ ਢੱਡਰੀਆਂ ਵਾਲੇ ਦੇ ਨਾਲ-ਨਾਲ ਇਸ ਦੀ ਸ਼ਹਿ ’ਤੇ ਸਿੱਖੀ ਨੂੰ ਚੁਣੌਤੀ ਦੇਣ ਵਾਲਿਆਂ ਮੂੰਹ ਨਾ ਲਗਾਉਣ।

-PTC News

Related Post