ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ

By  Shanker Badra June 29th 2018 09:00 PM

ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ:ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਗਤਾਂ ਦੇ ਸਹਿਯੋਗ ਦੁਆਰਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਇਸ ਪਾਵਨ ਦਿਹਾੜੇ ’ਤੇ ਜਿਥੇ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕੀਤੇ,ਉਥੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮਾਂ ’ਚ ਹਾਜ਼ਰੀ ਭਰ ਕੇ ਗੁਰੂ ਜੱਸ ਸਰਵਣ ਕੀਤਾ।ਗੁਰਦੁਆਰਾ ਸ੍ਰੀ ਬਿਬੇਕਸਰ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਮਤਿ ਸਮਾਗਮ ਸਵੇਰੇ 10 ਵਜੇ ਆਰੰਭ ਹੋਇਆ ਜੋ ਦੇਰ ਰਾਤ ਤੱਕ ਜਾਰੀ ਰਿਹਾ।

ਗੁਰਮਤਿ ਸਮਾਗਮ ਵਿਚ ਭਾਈ ਸਤਿੰਦਰਬੀਰ ਸਿੰਘ,ਭਾਈ ਸੁਖਜੀਤ ਸਿੰਘ,ਭਾਈ ਜਤਿੰਦਰਪਾਲ ਸਿੰਘ,ਭਾਈ ਮਨਦੀਪ ਸਿੰਘ,ਭਾਈ ਪਰਮਿੰਦਰ ਸਿੰਘ ਪ੍ਰੇਮੀ, ਭਾਈ ਗਗਨਦੀਪ ਸਿੰਘ,ਭਾਈ ਮਨਜੀਤ ਸਿੰਘ,ਭਾਈ ਗੁਰਇਕਬਾਲ ਸਿੰਘ,ਭਾਈ ਮਨਿੰਦਰ ਸਿੰਘ,ਭਾਈ ਹਰਵਿੰਦਰਪਾਲ ਸਿੰਘ, ਭਾਈ ਮਹਿਤਾਬ ਸਿੰਘ,ਬੀਬੀ ਪਰਮਜੀਤ ਕੌਰ,ਭਾਈ ਮਨਮੋਹਨ ਸਿੰਘ,ਭਾਈ ਸੁਖਵਿੰਦਰ ਸਿੰਘ ਤੇ ਢਾਡੀ ਭਾਈ ਹਰਪਾਲ ਸਿੰਘ ਢੰਡ ਦੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰ ਇਤਿਹਾਸ ਨਾਲ ਜੋੜਿਆ।

ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਉੱਘੀਆਂ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ।ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸੁੰਦਰ ਤੇ ਮਨਮੋਹਕ ਦੀਪਮਾਲਾ ਕੀਤੀ ਗਈ।

-PTCNews

Related Post