SGPC ਦੇ ਜਨਰਲ ਇਜਲਾਸ ਸਬੰਧੀ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ , 27 ਨਵੰਬਰ ਨੂੰ ਹੋਵੇਗੀ ਚੋਣ

By  Shanker Badra November 25th 2019 03:45 PM

SGPC ਦੇ ਜਨਰਲ ਇਜਲਾਸ ਸਬੰਧੀ ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ , 27 ਨਵੰਬਰ ਨੂੰ ਹੋਵੇਗੀ ਚੋਣ:ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਸਮੇਤ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਚੋਣ ਲਈ ਸਲਾਨਾ ਜਨਰਲ ਇਜਲਾਸ ਦੀਆਂ ਤਿਆਰੀਆਂ ਜਾਰੀ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਅੱਜ ਅਧਿਕਾਰੀਆਂ ਨਾਲ ਇਕੱਤਰਤਾ ਕਰਕੇ ਪ੍ਰਬੰਧਕੀ ਹਦਾਇਤਾਂ ਦਿੱਤੀਆਂ। ਉਨ੍ਹਾਂ ਇਜਲਾਸ ਦੌਰਾਨ ਡਿਊਟੀ ਨਿਭਾਉਣ ਵਾਲੇ ਹਰ ਮੁਲਾਜ਼ਮ ਨੂੰ ਆਪਣੀ ਡਿਊਟੀ ਸੁਹਿਰਦਤਾ ਨਾਲ ਨਿਭਾਉਣ ਲਈ ਕਿਹਾ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਸਲਾਨਾ ਜਨਰਲ ਇਜਲਾਸ 27 ਨਵੰਬਰ ਨੂੰ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1:00 ਵਜੇ ਹੋਣਾ ਹੈ। ਇਜਲਾਸ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਦਫ਼ਤਰੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਜਨਰਲ ਇਜਲਾਸ ਲਈ ਮੁਲਾਜ਼ਮਾਂ ਦੀਆਂ ਵੱਖ-ਵੱਖ ਜ਼ੁੰਮੇਵਾਰੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਡਾ. ਰੂਪ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਇਜਲਾਸ ਦੀ ਆਰੰਭਤਾ ਅਰਦਾਸ ਨਾਲ ਹੋਵੇਗੀ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸਮੁੱਚੇ ਹਾਊਸ ਵਿਚ 170 ਮੈਂਬਰ ਵੱਖ-ਵੱਖ ਹਲਕਿਆਂ ਤੋਂ ਸੰਗਤ ਵੱਲੋਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ। ਇਸ ਤੋਂ ਇਲਾਵਾ 15 ਨਾਮਜ਼ਦ ਮੈਂਬਰ ਹੁੰਦੇ ਹਨ। ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਵੀ ਸਤਿਕਾਰਤ ਮੈਂਬਰ ਵਜੋਂ ਹਾਊਸ ਦਾ ਹਿੱਸਾ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 14 ਸ਼੍ਰੋਮਣੀ ਕਮੇਟੀ ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ। ਇਸ ਤੋਂ ਇਲਾਵਾ 2 ਮੈਂਬਰਾਂ ਨੇ ਅਸਤੀਫ਼ਾ ਦਿੱਤਾ ਹੋਇਆ ਹੈ।

-PTCNews

Related Post