ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਡਾਇਲਸਿਸ ਯੂਨਿਟ ਦਾ ਕੀਤਾ ਉਦਘਾਟਨ

By  Jashan A March 20th 2020 05:55 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਥਾਨਕ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਚਾਟੀਵਿੰਡ ਗੇਟ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਡਾਇਲਸਿਸ ਯੂਨਿਟ ਸਥਾਪਤ ਕੀਤਾ ਗਿਆ ਹੈ।

ਇਸ ਯੂਨਿਟ ਦਾ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਐਡੀਸ਼ਨਲ ਸਕੱਤਰ ਡਾ. ਏ.ਪੀ. ਸਿੰਘ ਅਤੇ ਹਸਪਤਾਲ ਦੇ ਮੈਡੀਕਲ ਸੁਪ੍ਰਿੰਟੈਂਡੈਂਟ ਡਾ. ਬਲਜੀਤ ਸਿੰਘ ਵੀ ਹਾਜ਼ਰ ਸਨ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਪੰਡਿਤ ਰਾਓ ਧਰੇਨਵਰ ਦਾ ਸਨਮਾਨ

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਦੇ ਨਾਲ-ਨਾਲ ਸ਼ਹਿਰ ਅੰਦਰ ਚਾਟੀਵਿੰਡ ਗੇਟ ਸਥਿਤ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੀ ਸੇਵਾਵਾਂ ਦੇ ਰਿਹਾ ਹੈ।

ਇਸ ਹਸਪਤਾਲ ਵਿਖੇ ਵੱਖ-ਵੱਖ ਵਿਭਾਗ ਸਥਾਪਤ ਹਨ। ਇਸ ਦੇ ਵਿਸਥਾਰ ਵਜੋਂ ਹੁਣ ਇਥੇ ਡਾਇਲਸਿਸ ਯੂਨਿਟ ਵੀ ਸਥਾਪਤ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੀ ਮੰਗ ਨੂੰ ਵੇਖਦਿਆਂ ਹਸਪਤਾਲ ਵਿਖੇ ਡਾਇਲਸਿਸ ਯੂਨਿਟ ਸਥਾਪਤ ਕਰਕੇ ਦੋ ਨਵੀਆਂ ਅਤਿ-ਅਧੁਨਿਕ ਤਕਨੀਕ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਵਿਭਾਗ ਦੀ ਜ਼ੁੰਮੇਵਾਰੀ ਡਾ. ਮਨਿੰਦਰ ਸਿੰਘ ਨੂੰ ਸੌਂਪੀ ਗਈ ਹੈ, ਜੋ ਇਸ ਖੇਤਰ ਦੇ ਮਾਹਿਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸਿਹਤ ਸੰਸਥਾਵਾਂ ਦੁਆਰਾ ਲੋਕਾਂ ਨੂੰ ਬਿਹਤਰ ਇਲਾਜ਼ ਪ੍ਰਣਾਲੀ ਦੇਣ ਲਈ ਵਚਨਬੱਧ ਹੈ।

-PTC News

Related Post