ਸ਼੍ਰੋਮਣੀ ਕਮੇਟੀ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇਵੇਗੀ ਭਰਵਾਂ ਸਹਿਯੋਗ

By  Jashan A July 1st 2019 05:27 PM

ਸ਼੍ਰੋਮਣੀ ਕਮੇਟੀ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸਬੰਧੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇਵੇਗੀ ਭਰਵਾਂ ਸਹਿਯੋਗ,ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 25 ਜੁਲਾਈ 2019 ਨੂੰ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਵਾਂ ਸਵਾਗਤ ਕੀਤਾ ਹੈ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ’ਤੇ ਭੇਜੇ ਇਕ ਜਵਾਬੀ ਪੱਤਰ ਰਾਹੀਂ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਦਿਆਂ ਭਰਵਾਂ ਸਹਿਯੋਗ ਦੇਣ ਦੀ ਗੱਲ ਆਖੀ ਹੈ।

ਤਾਰਾ ਸਿੰਘ ਨੇ ਆਪਣੇ ਪੱਤਰ ਰਾਹੀਂ ਆਖਿਆ ਹੈ ਕਿ ਨਗਰ ਕੀਰਤਨ ਨਾਲ ਦੋਹਾਂ ਦੇਸ਼ਾਂ ਦੀਆਂ ਸਾਂਝਾਂ ਹੋਰ ਮਜ਼ਬੂਤ ਹੋਣਗੀਆਂ। ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ’ਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਰਾਹੀਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਗਰ ਕੀਰਤਨ ਸਬੰਧੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੂੰ ਪੱਤਰ ਭੇਜਿਆ ਗਿਆ ਸੀ।

ਹੋਰ ਪੜ੍ਹੋ:ਪੰਜ ਮੈਂਬਰੀ ਜਾਂਚ ਕਮੇਟੀ ਸਾਹਿਤਕ ਸਰਮਾਏ ਦੀ ਪਾਰਦਰਸ਼ੀ ਤਰੀਕੇ ਨਾਲ ਕਰੇਗੀ ਪੜਤਾਲ : ਭਾਈ ਗੋਬਿੰਦ ਸਿੰਘ ਲੌਂਗੋਵਾਲ

ਇਸ ਮਗਰੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਪੱਤਰ ਰਾਹੀਂ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬਧਤਾ ਪ੍ਰਗਟਾਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤਾਰਾ ਸਿੰਘ ਵੱਲੋਂ ਭੇਜੇ ਪੱਤਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਗਰ ਕੀਰਤਨ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ 550 ਸ਼ਰਧਾਲੂਆਂ ਦਾ ਇਕ ਵਿਸ਼ੇਸ਼ ਜਥਾ ਪਾਕਿਸਤਾਨ ਭੇਜਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਦਾ ਜਵਾਬੀ ਪੱਤਰ ਉਨ੍ਹਾਂ ਨੂੰ ਮਿਲਿਆ ਹੈ, ਜਿਸ ਵਿਚ ਸਹਿਯੋਗ ਦੀ ਭਾਵਨਾ ਪ੍ਰਗਟਾਈ ਗਈ ਹੈ। ਉਨ੍ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਘੇ ਹੁੰਗਾਰੇ ’ਤੇ ਤਸੱਲੀ ਪ੍ਰਗਟਾਈ। ਭਾਈ ਲੌਂਗੋਵਾਲ ਨੇ ਆਖਿਆ ਕਿ ਦੋਹਾਂ ਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਣ ਵਾਲਾ ਇਹ ਨਗਰ ਕੀਰਤਨ ਇਤਿਹਾਸਕ ਹੋਵੇਗਾ।

ਇਸ ਵਿਚ ਸਿੰਘ ਸਾਹਿਬਾਨ, ਤਖ਼ਤ ਸਾਹਿਬਾਨ ਦੇ ਜਥੇਦਾਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ, ਸਿੱਖ ਸੰਪਰਦਾਵਾਂ, ਸਿੰਘ ਸਭਾਵਾਂ, ਜੰਮੂ ਕਸ਼ਮੀਰ ਤੇ ਹੋਰ ਰਾਜਾਂ ਦੇ ਸਿੱਖ ਪ੍ਰਤੀਨਿਧ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਸਿੱਖ ਆਗੂ ਨੇ ਇਸ ਅੰਤਰਰਾਸ਼ਟਰੀ ਨਗਰ ਕੀਰਤਨ ਲਈ ਸ਼ਰਧਾਲੂਆਂ ਨੂੰ ਵੀਜ਼ਾ ਦਿਵਾਉਣ ਤੋਂ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧਕੀ ਸਹਿਯੋਗ ਦੇਣ ਦੀ ਵਚਨਬਧਤਾ ਵੀ ਪ੍ਰਗਟਾਈ ਹੈ।

ਹੋਰ ਪੜ੍ਹੋ:ਨੈਤਿਕ ਕਦਰਾਂ ਕੀਮਤਾਂ ਦਾ ਸੋਮਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਗੁਰਬਾਣੀ : ਭਾਈ ਗੋਬਿੰਦ ਸਿੰਘ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਜਥੇ ਦੇ ਆਗੂਆਂ ਨੇ ਪਾਕਿਸਤਾਨ ਦੇ ਸਿੱਖ ਆਗੂਆਂ ਤੇ ਈ.ਟੀ.ਪੀ.ਬੀ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ’ਚ ਸ਼ਾਮਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂਹ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਈ.ਟੀ.ਪੀ.ਬੀ. ਦੇ ਦਫ਼ਤਰ ਵਿਖੇ ਬੋਰਡ ਦੇ ਸਕੱਤਰ ਤਾਰਿਕ ਵਜੀਰ ਖਾਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਸਾਬਕਾ ਐਮ.ਪੀ. ਰਮੇਸ਼ ਸਿੰਘ ਅਰੋੜਾ ਵੀ ਮੌਜੂਦ ਸਨ। ਇਸ ਦੌਰਾਨ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਤਾਰਾ ਸਿੰਘ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਂ ਪੱਤਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ। ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਇਕੱਤਰਤਾ ਦੌਰਾਨ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਗਈ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਪ੍ਰਗਟਾਉਣ ਲਈ ਧੰਨਵਾਦ ਕੀਤਾ।

-PTC News

Related Post