ਸ਼੍ਰੋਮਣੀ ਕਮੇਟੀ ਮਾਨਵਤਾ ਦੀ ਭਲਾਈ ਲਈ ਨਿਰੰਤਰ ਕਾਰਜਸ਼ੀਲ : ਬੀਬੀ ਜਗੀਰ ਕੌਰ

By  Shanker Badra July 17th 2021 10:17 AM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਵੱਲ੍ਹਾ ਵਿਖੇ ਗਾਇਨੀ ਅਤੇ ਬੱਚਾ ਵਾਰਡ ਦੇ ਨਵੇਂ ਬਲਾਕ ਦਾ ਨੀਂਹ ਪੱਥਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰੱਖਿਆ ਗਿਆ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਵਿਦਿਅਕ ਖੇਤਰ ਵਿਚ ਕਾਰਜ ਕੀਤੇ ਜਾ ਰਹੇ ਹਨ, ਉਥੇ ਹੀ ਮਾਨਵਤਾ ਦੀ ਭਲਾਈ ਲਈ ਸਿਹਤ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ਦੇਸ਼ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ਾਮਲ ਹੈ ਅਤੇ ਸਿੱਖ ਸੰਸਥਾ ਲੋੜ ਅਨੁਸਾਰ ਇਸ ਦੇ ਵਿਸਥਾਰ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਹੀ ਗਾਇਨੀ ਵਾਰਡ ਦੇ ਨਵੇਂ ਬਲਾਕ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਡ ’ਤੇ ਅੰਦਾਜ਼ਨ 4 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਥੇ ਬਿਹਤਰ ਸਹੂਲਤਾਂ ਨਾਲ ਇਲਾਜ ਕੀਤਾ ਜਾਵੇਗਾ। ਇਸ ਤਿੰਨ ਮੰਜ਼ਲਾ ਵਾਰਡ ਵਿਚ 7 ਲੈਕਚਰ ਹਾਲ, ਰੀਹੈਬਿਲਟੇਸ਼ਨ ਵਿਭਾਗ, ਟਰੀਟਮੈਂਟ ਰੂਮ, ਡਾਕਟਰਾਂ ਦੇ ਕਮਰੇ, 10 ਬੈੱਡਾਂ ਵਾਲਾ ਆਈਸੀਯੂ, 12 ਪ੍ਰਾਈਵੇਟ ਕਮਰੇ, 2 ਵਾਰਡ ਅਤੇ 2 ਲੈਬਾਂ ਦਾ ਪ੍ਰਬੰਧ ਹੋਵੇਗਾ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਮੱਦਦ ਲਈ ਕਾਰਜ ਕੀਤੇ ਜਾਂਦੇ ਹਨ। ਮੁਫ਼ਤ ਜਨੇਪਾ, ਸਸਤੇ ਟੈਸਟ ਅਤੇ ਘੱਟ ਖ਼ਰਚਿਆਂ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦਾ ਮੰਤਵ ਪ੍ਰਮੁੱਖ ਤੌਰ ’ਤੇ ਮਾਨਵ ਭਲਾਈ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ਵੱਲੋਂ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸੇਵਾਵਾਂ ਦਿੱਤੀਆਂ ਗਈਆਂ ਹਨ। ਮੁਫ਼ਤ ਕੋਰੋਨਾ ਟੀਕਾਕਰਨ ਲਗਾਤਾਰ ਜਾਰੀ ਹੈ, ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਨਾਲ-ਨਾਲ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੈਂਪ ਲਗਾਏ ਗਏ ਹਨ।

ਇਸ ਦੇ ਨਾਲ ਹੀ ਕੋਰੋਨਾ ਕੇਅਰ ਕੇਂਦਰ ਖੋਲ੍ਹ ਕੇ ਵੀ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀਆਂ ਸਿਹਤ ਸੰਸਥਾਵਾਂ ਰਾਹੀਂ ਮਾਨਵ ਭਲਾਈ ਲਈ ਲਗਾਤਾਰ ਕਾਰਜਸ਼ੀਲ ਹੈ ਅਤੇ ਭਵਿੱਖ ਵਿਚ ਵੀ ਰਹੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰੀਕ ਸਿੰਘ ਵਿਛੋਆ, ਸ. ਜੋਧ ਸਿੰਘ ਸਮਰਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਡਾ. ਦਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਤੇ ਹੋਰ ਮੌਜੂਦ ਸਨ।

-PTCNews

Related Post