ਸ਼੍ਰੋਮਣੀ ਕਮੇਟੀ ਵਫ਼ਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

By  Jashan A June 13th 2019 07:52 PM

ਸ਼੍ਰੋਮਣੀ ਕਮੇਟੀ ਵਫ਼ਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਸ਼ਿਲਾਂਗ ’ਚ ਵੱਸਦੇ ਪੰਜਾਬੀਆਂ ਦਾ ਉਜਾੜਾ ਰੋਕਣ ਲਈ ਸਰਕਾਰ ਨੂੰ ਸੰਜੀਦਾ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਖੇ ਇਕ ਕਲੋਨੀ ਵਿਚ ਵੱਸਦੇ ਪੰਜਾਬੀਆਂ ਤੇ ਖ਼ਾਸਕਰ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਸ਼ਿਲਾਂਗ ਗਏ ਸ਼੍ਰੋਮਣੀ ਕਮੇਟੀ ਦੇ ਵਫਦ ਵੱਲੋਂ ਮੇਘਾਲਿਆ ਦੇ ਸੈਕਟਰੀਏਟ ਵਿਖੇ ਮੇਘਾਲਿਆ ਦੇ ਗ੍ਰਹਿ ਮੰਤਰੀ ਸ੍ਰੀ ਜੇਮਸ ਸੰਗਮਾਂ ਨਾਲ ਮੁਲਾਕਾਤ ਕੀਤੀ ਗਈ।

ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਹਰਪਾਲ ਸਿੰਘ ਜੱਲ੍ਹਾ, ਭਗਵੰਤ ਸਿੰਘ ਸਿਆਲਕਾ ਤੇ ਪਰਮਜੀਤ ਸਿੰਘ ਸਰੋਆ ਤੋਂ ਇਲਾਵਾ ਸਥਾਨਕ ਸਿੱਖ ਆਗੂ ਗੁਰਜੀਤ ਸਿੰਘ, ਸੰਗਮ ਸਿੰਘ, ਰੋਹਿਤ ਸਿੰਘ ਆਦਿ ਮੌਜੂਦ ਸਨ। ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦੇ ਮੇਘਾਲਿਆ ਦੇ ਗ੍ਰਹਿ ਮੰਤਰੀ ਨੂੰ ਸਥਾਨਕ ਪੰਜਾਬੀਆਂ ਨਾਲ ਹੋ ਰਹੇ ਧੱਕੇ ਨੂੰ ਰੋਕਣ ਲਈ ਸਖ਼ਤ ਕਦਮ ਉਠਾਏ ਜਾਣ ਲਈ ਕਿਹਾ।

ਹੋਰ ਪੜ੍ਹੋ:ਸ੍ਰੀ ਗੁਰੂ ਰਾਮਦਾਸ ਜੀ ਲੰਗਰ ਵਿਖੇ ਖਾਪੜਖੇੜੀ ਪਰਿਵਾਰ ਨੇ ਕੀਤੀ ਜਲੇਬੀਆਂ ਤੇ ਪਕੌੜਿਆਂ ਦੀ ਸੇਵਾ

ਉਨ੍ਹਾਂ ਆਖਿਆ ਕਿ ਸ਼ਿਲਾਂਗ ਵਿਖੇ 200 ਸਾਲਾਂ ਤੋਂ ਵੱਸ ਰਹੇ ਪੰਜਾਬੀਆਂ ਨੂੰ ਉਜਾੜਾ ਕਿਸੇ ਵੀ ਜਾਇਜ਼ ਨਹੀਂ ਹੈ। ਇਹ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਵਫ਼ਦ ਮੈਂਬਰਾਂ ਨੇ ਗ੍ਰਹਿ ਮੰਤਰੀ ਨੂੰ ਸ਼ਿਲਾਂਗ ਦੇ ਪੰਜਾਬੀਆਂ ਅਤੇ ਸਿੱਖਾਂ ਨੂੰ ਮਿਲੇ ਧਮਕੀ ਪੱਤਰ ਬਾਰੇ ਵੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਉਥੇ ਵੱਸਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ।

ਮੇਘਾਲਿਆ ਦੇ ਮੁੱਖ ਮੰਤਰੀ ਦੀ ਦਿੱਲੀ ਫੇਰੀ ਕਾਰਨ ਗ੍ਰਹਿ ਮੰਤਰੀ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਕਿਹਾ ਕਿ ਸੂਬੇ ਦੀ ਤਰੱਕੀ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਪਰਮਜੀਤ ਸਿੰਘ ਸਰੋਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਨੇ ਸ਼ਿਲਾਂਗ ਵਿਖੇ ਪੰਜਾਬੀ ਕਲੋਨੀ ਦੇ ਨਿਵਾਸੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਲੋੜੀਂਦੀ ਮੱਦਦ ਦਾ ਭਰੋਸਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਸਥਾਨਕ ਗੁਰਦੁਆਰਾ ਸਾਹਿਬਾਨ ਵਿਖੇ ਵੀ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ।

-PTC News

Related Post