ਭਾਈ ਲੌਂਗੋਵਾਲ ਨੇ ਅਮਰੀਕਾ ਅੰਦਰ ਸਿੱਖ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ

By  Jashan A February 6th 2020 04:38 PM

ਅੰਮ੍ਰਿਤਸਰ: ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਸੈਂਟਾ ਕਲਾਰਾ ਕਾਉਂਟੀ ਦੇ ਇਕ ਡਿਪਟੀ ਸ਼ੈਰਿਫ ਸੁਖਦੀਪ ਸਿੰਘ ਗਿੱਲ ’ਤੇ ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਨਸਲੀ ਹਮਲੇ ਘੱਟ ਗਿਣਤੀਆਂ ਅੰਦਰ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਨ। ਤਾਜ਼ਾ ਘਟਨਾ ’ਚ ਪੁਲਿਸ ਅਧਿਕਾਰੀ ’ਤੇ ਹੋਇਆ ਹਮਲਾ ਹੋਰ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿਚ ਵੱਸੇ ਹਨ ਉਥੇ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ।

ਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਨਗਰੋਟਾ ਹਾਈਵੇ 'ਤੇ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 3 ਅੱਤਵਾਦੀ ਢੇਰ

ਸਿੱਖ ਸਭ ਦਾ ਸਤਿਕਾਰ ਕਰਦੇ ਹਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਹੀ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਸਿਰਫਿਰੇ ਕਿਸਮ ਦੇ ਲੋਕ ਸਿੱਖ ’ਤੇ ਅਹਿਜੇ ਨਸਲੀ ਹਮਲੇ ਕਰਦੇ ਹਨ। ਅਜਿਹੇ ਹਮਲੇ ਚਿੰਤਾਜਨਕ ਹਨ, ਜਿਸ ਪ੍ਰਤੀ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਨੂੰ ਯੋਗ ਕਾਰਵਾਈ ਕਰਨੀ ਚਾਹੀਦੀ ਹੈ।

ਭਾਈ ਲੌਂਗੋਵਾਲ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵਿਦੇਸ਼ਾਂ ਵਿਚ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਸੁਚੇਤ ਹੋਣ ਲਈ ਕਹਿੰਦਿਆਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਯੋਗ ਕਦਮ ਚੁੱਕਣ ਲਈ ਕਿਹਾ।

-PTC News

Related Post