ਜਲੰਧਰ : ਜ਼ਮੀਨ ਜਾਇਦਾਦ ਅੱਜ ਕੱਲ ਲੋਕਾਂ ਲਈ ਇੰਨੀ ਅਹਿਮ ਹੋ ਗਈ ਹੈ ਕਿ ਲੋਕ ਖੂਨ ਦੇ ਰਿਸ਼ਤਿਆਂ ਨੂੰ ਮਿੱਟੀ 'ਚ ਰੋਲ ਰਹੇ ਹਨ, ਅਤੇ ਇੰਨੇ ਕੁ ਜ਼ਲੀਲ ਹਰਕਤਾਂ ਕਰਦੇ ਹਨ ਕਿ ਕੋਈ ਵੀ ਸ਼ਰਮਸਾਰ ਹੋ ਜਾਵੇ , ਰਿਸ਼ਤਿਆਂ ਨੂੰ ਸ਼ਰਮਸਾਰ ਕਰਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿਥੇ ਸ਼ਹਿਰ ਦੇ ਇੱਕ ਨਾਮਵਰ ਪੈਲੇਸ ਦੇ ਮਾਲਕ 2 ਭਰਾਵਾਂ ਸ਼ਰਮਨਾਕ ਕਰਤੂਤ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਆਪਣੀ ਮਾਂ ਦੇ ਸਸਕਾਰ ਮੌਕੇ ਸ਼ਮਸ਼ਾਨਘਾਟ ’ਚ ਹੀ ਦੋਵੇਂ ਭਰਾ ਆਪਸ 'ਚ ਭਿੜ ਗਏ।
ਹੋਰ ਪੜ੍ਹੋ :ਪੰਜਾਬ ‘ਚ ਵਾਪਰਿਆ ਦਰਦਨਾਕ ਹਾਦਸਾ, ਕਾਰ ‘ਚ ਜ਼ਿੰਦਾ ਸੜੇ 5 ਲੋਕ
ਇਸ ਦੌਰਾਨ ਦੋਵਾਂ ਭਰਾਵਾਂ ਵਿਚਕਾਰ ਗਾਲੀ-ਗਲੋਚ ਹੋ ਗਿਆ ਅਤੇ ਬਾਅਦ ’ਚ ਨੌਬਤ ਇਥੋਂ ਤੱਕ ਪਹੁੰਚ ਗਈ, ਕਿ ਸਸਕਾਰ ਲਈ ਰੱਖੀਆਂ ਲੱਕੜੀਆਂ ਚੁੱਕ ਕੇ ਉਨ੍ਹਾਂ ਇਕ-ਦੂਜੇ ’ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਪਰ ਕਿਸੇ ਵੀ ਧਿਰ ਵੱਲੋਂ ਪੁਲਸ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ।
2 ਭਰਾਵਾਂ ਸ਼ਰਮਨਾਕ ਕਰਤੂਤ
ਜਾਣਕਾਰੀ ਅਨੁਸਾਰ ਪੈਲੇਸ ਮਾਲਕ ਦੋ ਭਰਾਵਾਂ ਦੀ ਮਾਂ ਦਾ ਮੰਗਲਵਾਰ ਨੂੰ ਸ਼ਹਿਰ ਦੇ ਇਕ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਸੀ। ਦੋਵਾਂ ਭਰਾਵਾਂ ਵਿਚਕਾਰ ਪ੍ਰਾਪਰਟੀ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਬੋਲਚਾਲ ਵੀ ਬੰਦ ਸੀ। ਅਜਿਹੇ ’ਚ ਸਸਕਾਰ ਦੌਰਾਨ ਇਕ ਭਰਾ ਸ਼ਮਸ਼ਾਨਘਾਟ ’ਚ ਆ ਗਿਆ, ਜਿਸ ਨੇ ਆਪਣੀ ਮਾਂ ਦੇ ਅੰਤਿਮ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ ਪਰ ਦੂਜੇ ਭਰਾ ਨੇ ਉਸ ਨੂੰ ਮਾਂ ਦੀ ਮ੍ਰਿਤਕ ਦੇਹ ਦੇ ਨੇੜੇ ਆਉਣ ਤੋਂ ਰੋਕ ਦਿੱਤਾ। ਇਸ ਦੌਰਾਨ ਦੋਵਾਂ ਵਿਚਕਾਰ ਪਹਿਲਾਂ ਤਾਂ ਗਾਲੀ-ਗਲੋਚ ਹੋਇਆ ਅਤੇ ਬਾਅਦ ’ਚ ਉਨ੍ਹਾਂ ਇਕ-ਦੂਜੇ ’ਤੇ ਲੱਕੜਾਂ ਨਾਲ ਹਮਲਾ ਕਰ ਦਿੱਤਾ।
ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਦੇ ਕੁਝ ਲੋਕ ਮਾਮੂਲੀ ਜ਼ਖ਼ਮੀ ਵੀ ਹੋਏ ਹਨ। ਦੂਜੇ ਪਾਸੇ ਥਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਕਿ ਸ਼ਮਸ਼ਾਨਘਾਟ ’ਚ ਦੋਵਾਂ ਭਰਾਵਾਂ ਵਿਚਕਾਰ ਹੱਥੋਪਾਈ ਦੀ ਸੂਚਨਾ ਤੋਂ ਬਾਅਦ ਪੁਲਸ ਦੀ ਟੀਮ ਉਥੇ ਭੇਜੀ ਗਈ ਸੀ, ਉਦੋਂ ਤੱਕ ਮਾਮਲਾ ਸ਼ਾਂਤ ਹੋ ਗਿਆ ਸੀ ਪਰ ਕਿਸੇ ਵੀ ਭਰਾ ਨੇ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ।