ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ਵਿੱਚ ਦੋਵੇਂ ਸਿੰਘ ਹੋਏ ਬਰੀ , ਦਿੱਲੀ ਕਮੇਟੀ ਦਾ ਕੀਤਾ ਧੰਨਵਾਦ

By  Shanker Badra August 27th 2018 05:23 PM -- Updated: August 27th 2018 05:24 PM

ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ਵਿੱਚ ਦੋਵੇਂ ਸਿੰਘ ਹੋਏ ਬਰੀ , ਦਿੱਲੀ ਕਮੇਟੀ ਦਾ ਕੀਤਾ ਧੰਨਵਾਦ:ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸੰਤਬਰ 1981 ਨੂੰ ਅਗਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਊਂਟਾ ਸਾਹਿਬ ਅਤੇ ਭਾਈ ਤਜਿੰਦਰ ਪਾਲ ਸਿੰਘ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਦਰੋਹ ਦੇ ਮੁੱਕਦਮੇ ਤੋਂ ਬਰੀ ਕਰ ਦਿੱਤਾ।ਜੱਜ ਅਜੈ ਪਾਂਡੇ ਨੇ ਦੋਨੌਂ ਆਰੋਪੀਆਂ ਨੂੰ ਸੰਵਿਧਾਨ ਦੀ ਧਾਰਾ 20(2) ਅਤੇ ਸੀ.ਆਰ.ਪੀ.ਸੀ. 300 ਦੇ ਤਹਿਤ ਦੋਹਰੀ ਸਜਾ ਨਾ ਦੇਣ ਦਾ ਐਲਾਨ ਕੀਤਾ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ’ਤੇ ਆਰੋਪੀਆਂ ਨੂੰ ਪਿੱਛਲੇ 1 ਸਾਲ ਤੋਂ ਕਾਨੂੰਨੀ ਮਦਦ ਦਿੱਤੀ ਜਾ ਰਹੀ ਸੀ।

ਫੈਸਲੇ ਦੇ ਮੌਕੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਦਾਲਤ ਪਰਿਸਰ ’ਚ ਮੌਜੂਦ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਲਕਾ ਨੇ ਦੋਨੋਂ ਸਿੰਘਾਂ ਦੇ ਬਰੀ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਲੀਗਲ ਸੈਲ ਨੇ ਕਾਨੂੰਨੀ ਦਾਂਵ-ਪੇਂਚਾ ’ਚ ਮਾਹਿਰ ਵਕੀਲਾਂ ਦੇ ਸਹਾਰੇ ਕੌਮ ਦੇ ਹੀਰੇਆਂ ਦਾ ਪੱਖ, ਮਜਬੂਤ ਦਲੀਲਾਂ ਸਹਾਰੇ ਰੱਖਿਆ ਸੀ। ਜਿਸਦੇ ਨਤੀਜੇ ਵੱਜੋਂ 37 ਸਾਲ ਬਾਅਦ ਦੋਨੋਂ ਸਿੰਘਾਂ ਨੂੰ ਕਾਨੂੰਨੀ ਸ਼ਿਕੰਜੇ ਤੋਂ ਆਜ਼ਾਦ ਹੋਣ ਦੀ ਖੁਸ਼ੀ ਮਿਲੀ ਹੈ।ਬਰੀ ਹੋਣ ਉਪਰੰਤ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਪੁੱਜੇ ਦੋਨੋ ਸਿੰਘਾਂ ਨੂੰ ਹੈਡ ਗ੍ਰੰਥੀ ਸਾਹਿਬ ਵੱਲੋਂ ਸਿਰੋਪੇ ਦੀ ਬਖਸ਼ਿਸ਼ ਕੀਤੀ ਗਈ।ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਸਤਨਾਮ ਸਿੰਘ ਨੇ ਇਸ ਮਸਲੇ ’ਤੇ ਝੱਲੀ ਪੀੜਾ ਦਾ ਇਜ਼ਹਾਰ ਕੀਤਾ।ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਤਨ, ਮਨ ਅਤੇ ਧਨ ਨਾਲ ਕੀਤੀ ਗਈ ਸੇਵਾ ਲਈ ਧੰਨਵਾਦ ਕਰਦੇ ਹੋਏ ਕੇਸ ਦੀ ਪਿੱਛੋਕੜ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਜੇਲ੍ਹ ਤੋਂ ਰਿਹਾਈ ਕਰਾਉਣ ਵਾਸਤੇ ਦਲ ਖਾਲਸਾ ਦੇ 5 ਨੌਜਵਾਨ 29 ਸਤੰਬਰ 1981 ਨੂੰ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਸਥਿਤ ਲਾਹੌਰ ਲੈ ਗਏ ਸਨ।ਜਿਸ ਕਰਕੇ ਪਾਕਿਸਤਾਨ ਵਿਖੇ 1986 ’ਚ ਉਨ੍ਹਾਂ ਨੂੰ ਉਮਰਕੈਦ ਦੀ ਸਜਾ ਹੋਈ।ਲਾਹੌਰ ਜੇਲ੍ਹ ਤੋਂ ਸਜਾ ਪੂਰੀ ਕਰਨ ਉਪਰੰਤ ਮੈਂ ਸਿਆਸੀ ਸਰਣ ਲੈਣ ਲਈ ਅਮਰੀਕਾ ਅਤੇ ਭਾਈ ਤਜਿੰਦਰ ਪਾਲ ਸਿੰਘ ਕੈਨੇਡਾ ਚਲੇ ਗਏ ਪਰ ਸਾਨੂੰ ਦੋਨੋਂ ਮੁਲਕਾਂ ਨੇ ਸ਼ਿਆਸੀ ਪਨਾਹ ਨਹੀਂ ਦਿੱਤੀ ਸਗੋਂ ਅਮਰੀਕੀ ਪ੍ਰਸ਼ਾਸਨ ਨੇ ਅਵੈਧ ਆਵਾਜਾਹੀ ਦੇ ਦੋਸ਼ ਤਹਿਤ ਮੈਨੂੰ 4 ਸਾਲ ਤਕ ਜੇਲ੍ਹ ’ਚ ਰੱਖਿਆ।

ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਬਾਅਦ ’ਚ ਵਿਦੇਸ਼ੀ ਧਰਤੀ ਤੋਂ ਸਾਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ।ਭਾਰਤ ਪੁੱਜਣ ’ਤੇ ਸਾਡਾ ਕੋਰਟ ਅਰੈਸਟ ਹੋਇਆ।ਜਿਸ ਕਰਕੇ ਮੈਨੂੰ 4 ਦਿਨ ਤਿਹਾੜ ਜੇਲ੍ਹ ’ਚ ਗੁਜਾਰਨੇ ਪਏ।ਜਿਸ ਤੋਂ ਬਾਅਦ ਮੈਂ ਦਿੱਲੀ ਕੋਰਟ ’ਚ ਕੇਸ ਪਾਇਆ ਕਿ ਮੈਂ ਆਪਣੇ ਦੋਸ਼ ਦੀ ਸਜਾ ਪਹਿਲਾਂ ਹੀ ਭੁਗਤ ਚੁੱਕਿਆ ਹਾਂ।ਇਸ ਕਰਕੇ ਮੇਰੇ ਖਿਲਾਫ਼ ਭਾਰਤ ਸਰਕਾਰ ਕਾਰਵਾਈ ਨਹੀਂ ਕਰ ਸਕਦੀ।ਸੰਵਿਧਾਨ ਦੀ ਧਾਰਾ 20(2) ਦੇ ਤਹਿਤ ਇੱਕ ਜੁਰਮ ਲਈ ਮੈਨੂੰ ਦੋ ਵਾਰ ਸਜਾ ਨਹੀਂ ਦਿੱਤੀ ਜਾ ਸਕਦੀ।ਮੇਰੇ ਵਕੀਲਾਂ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਕੋਰਟ ਨੇ ਮੈਨੂੰ ਬਰੀ ਕਰ ਦਿੱਤਾ।ਜਿਸ ਤੋਂ ਬਾਅਦ ਭਾਈ ਤਜਿੰਦਰ ਸਿੰਘ ਨੇ ਇਸੇ ਆਧਾਰ ’ਤੇ ਆਪਣੇ ਆਪ ਨੂੰ ਬਰੀ ਕਰਨ ਦੀ ਪਟੀਸ਼ਨ ਦਾਇਰ ਕੀਤੀ। ਕੋਰਟ ਨੇ ਮਾਮਲੇ ਦੀ ਸੁਣਵਾਈ ਕਰਕੇ ਹੋਏ ਮੇਰਾ ਕੇਸ ਵੀ ਫਿਰ ਖੋਲ ਦਿੱਤਾ।ਜਿਥੇ ਪੁਲਿਸ ਨੇ ਇੱਕ ਵਾਰ ਫਿਰ ਸਾਡੇ ਦੋਨਾਂ ਖਿਲਾਫ਼ ਆਈ.ਪੀ.ਸੀ. 121, 121ਏ ਅਤੇ 124ਏ ਤਹਿਤ ਦੇਸ਼ ਦੇ ਖਿਲਾਫ਼ ਜੰਗ ਛੇੜਨ ਦਾ ਦੋਸ਼ ਲਗਾ ਕੇ ਵੱਖਰੀ ਚਾਰਜਸ਼ੀਟ ਦਾਖਿਲ ਕਰ ਦਿੱਤੀ। ਜਿਸ ਦੋਸ਼ ਤੋਂ ਅੱਜ ਅਸੀਂ ਬਰੀ ਹੋਏ ਹਾਂ।

-PTCNews

Related Post