ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪਾਕਿਸਤਾਨ ਸਰਕਾਰ ਨੂੰ ਤਾੜਨਾ

By  Joshi April 17th 2018 08:17 PM

ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪਾਕਿਸਤਾਨ ਸਰਕਾਰ ਨੂੰ ਤਾੜਨਾ

ਲੁਕਵੇਂ ਏਜੰਡੇ ਦੀ ਪੂਰਤੀ ਲਈ ਸਿੱਖਾਂ ਨੂੰ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਨਾ ਕਰੋ

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਵਫਦ ਪ੍ਰਧਾਨ ਮੰਤਰੀ ਨੂੰ ਮਿਲੇਗਾ

ਨਵੀਂ ਦਿੱਲੀ, 17 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਲੁਕਵੇਂ ਏਜੰਡੇ ਦੀ ਪੂਰਤੀ ਵਾਸਤੇ ਸਿੱਖਾਂ ਨੂੰ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਨਾ ਕਰੇ ਤੇ ਆਖਿਆ ਹੈ ਕਿ ਸਿੱਖ ਭਾਰਤ ਦਾ ਅਟੁੱਟ ਹਿੱਸਾ ਸਨ ਤੇ ਹਮੇਸ਼ਾ ਰਹਿਣਗੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਅਸੀਂ ਪਾਕਿਸਤਾਨ ਸਰਕਾਰ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਗਏ ਸਿੱਖ ਜਥੇ ਨਾਲ ਬਿਨਾਂ ਕਾਰਨ ਨਾ ਮਿਲਣ ਦੇਣ ਦੀ ਜੋਰਦਾਰ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ੇ ਸਿੱਖ ਭਾਈਚਾਰੇ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਦਰਮਿਆਨ ਕੁੜਤਣ ਪੈਦਾ ਕੀਤੀ ਜਾ ਸਕੇ।

ਉਹਨਾਂ ਕਿਹਾ ਕਿ ਉਹ ਵੀਡੀਓ ਵੇਖ ਕੇ ਹੈਰਾਨ ਹਨ ਜਿਸ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਵੱਲੋਂ ਪਾਬੰਦੀਸ਼ੁਦਾ ਕੌਮਾਂਤਰੀ ਅਤਿਵਾਦੀ ਹਾਫੀਜ਼ ਸਈਦ ਦੀ ਉਸਤਤ ਕੀਤੀ ਜਾ ਰਹੀ ਹੈ ਤੇ ਸਾਡੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਾਫੀਜ਼ 'ਤੇ ਕੌਮਾਂਤਰੀ ਭਾਈਚਾਰੇ ਨੇ ਪਾਬੰਦੀ ਲਗਾਈ ਹੋਈ ਹੈ ਤੇ ਅਮਰੀਕਾ ਸਮੇਤ ਕੌਮਾਂਤਰੀ ਭਾਈਚਾਰਾ ਉਸ ਖਿਲਾਫ ਕਾਰਵਾਈ ਲਈ ਪਾਕਿਸਤਾਨ 'ਤੇ ਦਬਾਅ ਪਾ ਰਿਹਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀ ਦੀ ਕਾਰਵਾਈ ਕਾਰਨ ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਵਿਚ ਰਹਿ ਰਹੇ ਸਿੱਖਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੀ ਪਛਾਣ ਬਾਬਤ ਗਲਤ ਸੰਦੇਸ਼ ਜਾ ਰਿਹਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਤਰ•ਾਂ ਦੇ ਅਤਿਵਾਦ ਦੀ ਨਿਖੇਧੀ ਕਰਦੇ ਹਨ ਤੇ ਹਮੇਸ਼ਾ ਮਨੁੱਖੀ ਜਾਨਾਂ ਲੈਣ ਦੇ ਖਿਲਾਫ ਹਨ। ਉਹਨਾਂ ਕਿਹਾ ਕਿ ਬਲਕਿ ਸਿੱਖ ਤਾਂ ਗੁਰੂ ਸਾਹਿਬਾਨ ਦੇ ਦਰਸਾਏ ਅਨੁਸਾਰ ਮਨੁੱਖੀ ਜਾਨਾਂ ਬਚਾਉਣ ਵਿਚ ਤੇ ਦੁਨੀਆਂ ਭਰ ਵਿਚ ਸ਼ਾਂਤੀ ਦੀ ਕਾਮਨਾ ਕਰਦੇ ਹਨ।

ਉਹਨਾਂ ਕਿਹਾ ਕਿ ਪਾਕਿਸਤਾਨ ਦੀ ਧਰਤੀ 'ਤੇ ਇਹ ਘਟਨਾਕ੍ਰਮ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਨਵੰਬਰ 2019 ਵਿਚ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਨ ਤੇ ਇਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਛੇਤੀ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਉਚ ਪੱਧਰੀ ਵਫਦ ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨੂੰ ਮਿਲਗਾ ਤੇ ਢੁਕਵੇਂ ਪੱਧਰ 'ਤੇ ਇਹ ਮਸਲਾ ਉਠਾਉਣ ਦੀ ਬੇਨਤੀ ਕਰੇਗਾ ਤਾਂ ਜੋ ਕਿ ਦੁਨੀਆ ਭਰ ਤੋਂ ਪਾਕਿਸਤਾਨ ਪੁੱਜਣ ਵਾਸਤੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਦੱਸਿਆ ਕਿ ਉਹਨਾਂ ਨੇ ਵੀ ਇਸ ਸਾਬਤ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਭਾਵੇਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ, ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਖਿਲਾਫ ਸਿੱਖਾਂ ਵਿਚ ਰੋਸ, ਸਿੱਖਾਂ ਨੂੰ ਵੱਖਰੀ ਪਛਾਣ ਦੇਣ ਲਈ ਧਾਰਾ 25 ਬੀ ਵਿਚ ਸੋਧ ਵਰਗੇ ਮਸਲੇ ਲੰਬੇ ਸਮੇਂ ਤੋਂ ਲਟਕ ਰਹੇ ਹਨ ਪਰ ਇਹ ਮਸਲੇ ਸਾਡੇ ਮੁਲਕ ਦੀ ਸਰਹੱਦ ਅੰਦਰ ਹੀ ਅਸੀਂ ਹੱਲ ਕਰਾਂਗੇ। ਉਹਨਾਂ ਕਿਹਾ ਕਿ ਸਿੱਖ ਭਾਰਤੀ ਨਾਗਰਿਕ ਹਨ ਤੇ ਹਮੇਸ਼ਾ ਆਪਣੇ ਮੁਲਕ ਲਈ ਕੰਮ ਕਰਦੇ ਰਹਿਣਗੇ ਕਿਉਂਕਿ ਭਾਰਤ ਸਾਡਾ ਮੁਲਕ ਹੈ। ਉਹਨਾਂ ਪਾਕਿਸਤਾਨ ਸਰਕਾਰ ਖਾਸ ਤੌਰ 'ਤੇ ਆਈ ਐਸ ਆਈ ਨੂੰ ਚੇਤਾਵਨੀ ਦਿੱਤੀ ਕਿ ਉਹ ਸਿੱਖਾਂ ਦੇ ਗੁੱਸੇ ਦਾ ਲਾਹਾ ਲੈਣ ਦੇ ਯਤਨ ਨਾ ਕਰੇ ਅਤੇ ਕਿਹਾ ਕਿ ਸਾਨੂੰ ਭਾਰਤੀ ਹੋਣ 'ਤੇ ਮਾਣ ਹੈ ਤੇ ਹਮੇਸ਼ਾ ਰਹੇਗਾ।

—PTC News

Related Post