ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਦਾਦੇ ਦੇ ਨਾਂ 'ਤੇ ਸਪੋਰਟਸ ਯੂਨੀਵਰਸਿਟੀ ਦਾ ਨਾਂ ਰੱਖਣ ਸਮੇਤ ਸਾਰੇ ਬਿੱਲ ਧੱਕੇ ਨਾਲ ਪਾਸ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ

By  Jashan A August 5th 2019 08:42 PM -- Updated: August 5th 2019 08:44 PM

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਦਾਦੇ ਦੇ ਨਾਂ 'ਤੇ ਸਪੋਰਟਸ ਯੂਨੀਵਰਸਿਟੀ ਦਾ ਨਾਂ ਰੱਖਣ ਸਮੇਤ ਸਾਰੇ ਬਿੱਲ ਧੱਕੇ ਨਾਲ ਪਾਸ ਕਰਨ ਲਈ ਕਾਂਗਰਸ ਸਰਕਾਰ ਦੀ ਨਿਖੇਧੀ

ਕਿਹਾ ਕਿ ਸੱਤਾ 'ਚ ਆਉਣ ਤੇ ਅਕਾਲੀ ਦਲ ਵੱਲੋਂ ਸਪੋਰਟਸ ਯੂਨੀਵਰਸਿਟੀ ਦਾ ਨਾਂ ਬਦਲ ਕੇ ਛੋਟੇ ਸਾਹਿਜ਼ਾਦਿਆਂ ਦੇ ਨਾਂ ਉੱਤੇ ਰੱਖਿਆ ਜਾਵੇਗਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਵਿਚ ਸਾਰੇ ਬਿੱਲ ਧੱਕੇ ਨਾਲ ਪਾਸ ਕਰਵਾਉਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਰਟੀ ਵੱਲੋਂ ਪਟਿਆਲਾ ਵਿਖੇ ਬਣ ਰਹੀ ਸਪੋਰਟਸ ਯੂਨੀਵਰਸਿਟੀ ਦਾ ਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਦੇ ਨਾਂ ਉੱਤੇ ਰੱਖਣ ਖਿਲਾਫ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।ਅਕਾਲੀ ਦਲ ਦੇ ਵਿਧਾਇਕ ਵਿੰਗ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਚਰਚਾ ਤੋਂ ਬਚਣ ਲਈ ਕਾਂਗਰਸ ਪਾਰਟੀ ਨੇ ਬਿਲਾਂ ਦੀ ਕਾਪੀਆਂ ਵਿਧਾਇਕਾਂ ਨੂੰ ਵੰਡੇ ਬਿਨਾਂ ਕੁੱਝ ਹੀ ਮਿੰਟਾਂ ਵਿਚ ਵਿਧਾਨ ਸਭਾ ਅੰਦਰ ਬਿਲ ਪਾਸ ਕਰਨ ਦੀ ਕਾਰਵਾਈ ਮੁਕੰਮਲ ਕਰ ਦਿੱਤੀ।

ਉਹਨਾਂ ਕਿਹਾ ਕਿ ਇਹ ਸੰਸਦੀ ਪ੍ਰਕਿਰਿਆ ਨਾਲ ਖਿਲਵਾੜ ਕਰਨਾ ਹੈ।ਵਿਧਾਇਕ ਵਿੰਗ ਨੇ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਕਿ ਕਾਂਗਰਸ ਸਰਕਾਰ ਨੇ ਸਪੋਰਟਸ ਯੂਨੀਵਰਸਿਟੀ ਦਾ ਨਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਨਾਂ ਉੱਤੇ ਰੱਖਣ ਸੰਬੰਧੀ ਲੋਕਾਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਅਤੇ ਲੋਕਾਂ ਦੀਆਂ ਭਾਵਨਾਵਾਂ ਦੀ ਰਤਾ ਕਦਰ ਨਹੀਂ ਕੀਤੀ।

ਹੋਰ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ 'ਚ ਸ਼ਾਮਲ ਹੋਣ ਲਈ ਬਹਾਦਰ ਸੈਨਿਕਾਂ ਨੂੰ ਪੂਰੀ ਮਾਨਤਾ ਦੇਣ ਦਾ ਭਰੋਸਾ

ਵਿੰਗ ਨੇ ਕਿਹਾ ਕਿ ਆਪਣੇ ਧਰਮ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਜਾਨਾਂ ਵਾਰਨ ਵਾਲੇ ਦੁਨੀਆਂ ਦੇ ਸਭ ਤੋਂ ਛੋਟੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਇਹ ਇੱਕ ਸੱਚੀ ਸ਼ਰਧਾਜ਼ਲੀ ਹੋਣੀ ਸੀ। ਵਿੰਗ ਨੇ ਕਿਹਾ ਕਿ ਇਹ ਬਹੁਤ ਦੁਖ ਦੀ ਗੱਲ ਹੈ ਕਿ ਅਜਿਹਾ ਕਰਨ ਦੀ ਥਾਂ, ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀਆਂ ਨੇ ਚਾਪਲੂਸੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਹ ਯੂਨੀਵਰਸਿਟੀ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ਉੱਤੇ ਰੱਖਣ ਦਾ ਸੁਝਾਅ ਦਿੱਤਾ।

ਇਹ ਟਿੱਪਣੀ ਕਰਦਿਆਂ ਕਿ ਜਿਸ ਤਰੀਕੇ ਨਾਲ ਛੋਟੇ ਸਾਹਿਬਜ਼ਾਦੇ ਆਪਣੇ ਧਰਮ ਅਤੇ ਜ਼ੁਲਮ ਖਿਲਾਫ ਡਟੇ ਸਨ, ਪੰਜਾਬ ਦੀ ਜ਼ਮੀਨ ਦਾ ਚੱਪਾ ਚੱਪਾ ਉਹਨਾਂ ਦਾ ਰਿਣੀ ਹੈ, ਵਿਧਾਇਕ ਵਿੰਗ ਨੇ ਕਿਹਾ ਕਿ ਮੌਕਾ ਮਿਲਣ 'ਤੇ ਅਕਾਲੀ ਦਲ ਵੱਲੋਂ ਇਸ ਯੂਨੀਵਰਸਿਟੀ ਦਾਂ ਨਾਂ ਛੋਟੇ ਸਾਹਿਬਜ਼ਾਦਿਆਂ ਦੇ ਨਾਂ ਉੱਤੇ ਰੱਖਣ ਲਈ ਠੋਸ ਕਦਮ ਚੁੱਕੇ ਜਾਣਗੇ।

ਵਿਧਾਇਕ ਦਲ ਨੇ ਵਿਧਾਨ ਸਭਾ ਸਪੀਕਰ ਨੂੰ ਕਿਹਾ ਸੀ ਕਿ ਚਰਚਾ ਲਈ ਲਿਆਂਦੇ ਜਾ ਰਹੇ ਸਾਰੇ ਬਿਲਾਂ ਦੀਆਂ ਕਾਪੀਆਂ ਵਿਧਾਇਕਾਂ ਨੂੰ ਅਗਾਂਊ ਦਿੱਤੀਆਂ ਜਾਣ। ਵਿੰਗ ਨੇ ਕਿਹਾ ਕਿ ਸਰਕਾਰ ਨੂੰ ਅਸੰਬਲੀ ਵਿਚ ਲਿਆਂਦੇ ਜਾਣ ਵਾਲੇ ਬਿਲਾਂ ਦੇ ਵਿਸ਼ੇ ਨਹੀਂ ਲੁਕੋਣੇ ਚਾਹੀਦੇ ਅਤੇ ਨਾ ਹੀ ਬਿਲਾਂ ਨੂੰ ਪਾਸ ਕਰਨ ਲਈ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਇਸ ਵੱਕਾਰੀ ਸਦਨ ਦੀ ਸ਼ਾਨ ਅਤੇ ਮਰਿਆਦਾ ਦੇ ਖਿਲਾਫ ਹੈ।

-PTC News

 

Related Post