ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ‘ਚ ਸ਼ਾਮਲ ਹੋਣ ਲਈ ਬਹਾਦਰ ਸੈਨਿਕਾਂ ਨੂੰ ਪੂਰੀ ਮਾਨਤਾ ਦੇਣ ਦਾ ਭਰੋਸਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ‘ਚ ਸ਼ਾਮਲ ਹੋਣ ਲਈ ਬਹਾਦਰ ਸੈਨਿਕਾਂ ਨੂੰ ਪੂਰੀ ਮਾਨਤਾ ਦੇਣ ਦਾ ਭਰੋਸਾ,ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨਾਂ ਦੀ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫੌਜ ਜਾਂ ਪੁਲੀਸ ਦੇ ਜਵਾਨਾਂ ਅਤੇ ਅਫ਼ਸਰਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਵਿਚਾਰ ਕਰ ਰਹੀ ਹੈ।

ਅੱਜ ਇੱਥੇ ਕਾਰਗਿਲ ਜੰਗ ਦੇ ਨਾਇਕ ਸਤਪਾਲ ਸਿੰਘ ਦੀ ਮੋਢਿਆਂ ’ਤੇ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਵਜੋਂ ਤਰੱਕੀ ਦੇ ਸਟਾਰ ਲਾਉਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਅਧਿਕਾਰੀ ਜਾਂ ਜਵਾਨ ਪੰਜਾਬ ਪੁਲੀਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦਾ ਹੈ ਤਾਂ ਉਸ ਦੀਆਂ ਸੇਵਾਵਾਂ ਅਤੇ ਬਹਾਦਰੀ ਨੂੰ ਪੂਰੀ ਮਾਨਤਾ ਦਿੱਤੀ ਜਾਵੇਗੀ।

ਦਿਲਚਸਪ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ‘ਏ ਰਿਜ ਟੂ ਫਾਰ-ਵਾਰ ਇਨ ਦਾ ਕਾਰਗਿਲ ਹਾਈਟਜ਼’ ਵਿੱਚ ਵੀ ਸਤਪਾਲ ਸਿੰਘ ਦਾ ਜ਼ਿਕਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵੀਰ ਚੱਕਰ ਐਵਾਰਡੀ ਸਤਪਾਲ ਸਿੰਘ ਨੂੰ ਸੀਨੀਅਰ ਕਾਂਸਟੇਬਲ ਤੋਂ ਤਰੱਕੀ ਦੇ ਦਿੱਤੀ ਸੀ। ਸੀਨੀਅਰ ਕਾਂਸਟੇਬਲ ਦੇ ਤੌਰ ’ਤੇ ਉਹ 26 ਜੁਲਾਈ ਤੱਕ ਸੰਗਰੂਰ ਜ਼ਿਲੇ ਵਿੱਚ ਟਰੈਫਿਕ ਕੰਟਰੋਲ ਕਰਨ ਦੀ ਡਿਊਟੀ ਨਿਭਾ ਰਿਹਾ ਸੀ।ਉਸ ਨੂੰ ਤਰੱਕੀ ਦੇ ਸਟਾਰ ਲਾਉਣ ਸਮੇਂ ਡੀ.ਜੀ.ਪੀ. ਦਿਨਕਰ ਗੁਪਤਾ ਵੀ ਹਾਜ਼ਰ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਨੀਤੀ ਵਿੱਚ ਅਨਿਆਂ ਹੋਣ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਜਾਵੇਗੀ। ਉਨਾਂ ਸਪਸ਼ਟ ਕੀਤਾ ਕਿ ਇਸ ਨੀਤੀ ਵਿੱਚ ਰੱਖਿਆ ਸੇਨਾਵਾਂ ਦੇ ਜਵਾਨਾਂ ਤੋਂ ਇਲਾਵਾ ਜੇ.ਸੀ.ਓ. ਅਤੇ ਐਨ.ਸੀ.ਓ. ਸਮੇਤ ਪੁਲੀਸ ਬਹਾਦਰੀ ਐਵਾਰਡ ਜੇਤੂ ਸ਼ਾਮਲ ਕੀਤੇ ਜਾਣਗੇ।

ਹੋਰ ਪੜ੍ਹੋ: ਹਰਸਿਮਰਤ ਬਾਦਲ ਵੱਲੋਂ ਪੰਜਾਬ ਸਰਕਾਰ ਦੀ ਕੇਂਦਰੀ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਨਿਖੇਧੀ

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਚਨਬੱਧ ਹੈ ਜਿਨਾਂ ਦੀਆਂ ਮੁਲਕ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਕੁਰਬਾਨੀਆਂ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਸਤਪਾਲ ਵੱਲੋਂ ਸੀਨੀਅਰ ਟ੍ਰੈਫਿਕ ਕਾਂਸਟੇਬਲ ਵਜੋਂ ਕੰਮ ਕਰਦੇ ਹੋਣ ਬਾਰੇ ਸੁਣ ਕੇ ਉਨਾਂ ਨੂੰ ਦੁੱਖ ਪਹੁੰਚਿਆ ਅਤੇ ਉਹ ਚਾਹੁੰਦੇ ਹਨ ਕਿ ਬਹਾਦਰ ਸੈਨਿਕ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਮਿਲੇ।

ਕੈਪਟਨ ਅਮਰਿੰਦਰ ਸਿੰਘ ਨੇ ਅਖ਼ਬਾਰੀ ਰਿਪੋਰਟਾਂ ਰਾਹੀਂ ਸਤਪਾਲ ਦੀ ਹਾਲਤ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਏ.ਐਸ.ਆਈ. ਵਜੋਂ ਤਰੱਕੀ ਦੇਣ ਦੇ ਹੁਕਮ ਦਿਤੇ ਸਨ ਅਤੇ ਇਸ ਸਬੰਧ ਵਿੱਚ ਡੀ.ਜੀ.ਪੀ. ਨੂੰ ਪੰਜਾਬ ਪੁਲੀਸ ਨਿਯਮ ਦੇ ਨਿਯਮ 12.3 ਵਿੱਚ ਢਿੱਲ ਦੇਣ ਦੀ ਹਦਾਇਤ ਕੀਤੀ ਸੀ।

ਮੁੱਖ ਮੰਤਰੀ ਨੇ ਸਤਪਾਲ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਏ.ਐਸ.ਆਈ. ਭਰਤੀ ਕਰਨ ਲਈ ਉਸ ਦੀ ਉਮਰ (ਜਨਮ ਮਿਤੀ 7.11.1973) ਦੀ ਉਮਰ ਵਿੱਚ ਲੋੜੀਂਦੀ ਢਿੱਲ ਦੇਣ ਲਈ ਵੀ ਡੀ.ਜੀ.ਪੀ. ਨੂੰ ਅਧਿਕਾਰਿਤ ਕੀਤਾ ਸੀ। ਸਤਪਾਲ ਸਿੰਘ ਨੰ:2116/ਐਸ.ਜੀ.ਆਰ. ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਪੰਜਾਬ ਪੁਲੀਸ ਵਿੱਚ ਭਰਤੀ ਹੋ ਗਿਆ ਸੀ।

ਵਿਜੈ ਓਪਰੇਸ਼ਨ ਦੌਰਾਨ ਸਤਪਾਲ ਦਰਾਸ ਸੈਕਟਰ ਵਿੱਚ ਤਾਇਨਾਤ ਸੀ। ਟਾਈਗਰ ਹਿੱਲ ’ਤੇ ਕਬਜ਼ਾ ਕਰਨ ਵਾਲੀ ਭਾਰਤੀ ਫੌਜ ਦੀ ਮਦਦ ਕਰਨ ਵਾਲੀ ਟੀਮ ਦੇ ਮੈਂਬਰ ਵਜੋਂ ਸਤਪਾਲ ਨੇ ਨਾਰਦਨ ਲਾਈਟ ਇਨਫੈਂਟਰੀ ਦੇ ਕੈਪਟਨ ਕਰਨਲ ਸ਼ੇਰ ਖਾਂ ਅਤੇ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਸ਼ੇਰ ਖਾਂ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਨਿਸ਼ਾਨ-ਏ-ਹੈਦਰ ਨਾਲ ਸਨਮਾਨਿਆ ਗਿਆ ਅਤੇ ਇਹ ਪੁਰਸਕਾਰ ਭਾਰਤੀ ਬਿ੍ਰਗੇਡ ਕਮਾਂਡਰ ਦੀ ਸਿਫ਼ਾਰਸ਼ ’ਤੇ ਦਿੱਤਾ ਗਿਆ ਸੀ ਜਿਸ ਨੇ ਬਰਫੀਲੀ ਚੋਟੀਆਂ ’ਤੇ ਉਸ ਵੱਲੋਂ ਦਿਖਾਈ ਬਹਾਦਰੀ ਦੀ ਪ੍ਰੋੜਤਾ ਕੀਤੀ ਸੀ।

-PTC News