ਬਰਤਾਨੀਆ ’ਚ ਸਿੱਖ ਡਾਕਟਰਾਂ ਨੂੰ ਦਾੜ੍ਹੀ ਕਟਵਾਉਣ ਲਈ ਕਹਿਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ

By  Shanker Badra May 6th 2020 05:21 PM

ਬਰਤਾਨੀਆ ’ਚ ਸਿੱਖ ਡਾਕਟਰਾਂ ਨੂੰ ਦਾੜ੍ਹੀ ਕਟਵਾਉਣ ਲਈ ਕਹਿਣ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ:ਅੰਮ੍ਰਿਤਸਰ : ਬਰਤਾਨੀਆ ਦੇ ਸਿੱਖ ਡਾਕਟਰਾਂ ਨੂੰ ਫਿੱਟ ਟੈਸਟ ਦੇ ਨਾਂ ’ਤੇ ਦਾੜ੍ਹੀ ਸਾਫ਼ ਕਰਵਾਉਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁੱਧ ਕਰਾਰ ਦਿੱਤਾ ਹੈ। ਭਾਈ ਲੌਂਗੋਵਾਲ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਬਰਤਾਨੀਆ ’ਚ ਕੋਰੋਨਾ ਵਿਰੁੱਧ ਫਰੰਟ ਲਾਈਨ ’ਤੇ ਲੜ ਰਹੇ ਸਿੱਖ ਡਾਕਟਰਾਂ ਨੂੰ ਕੌਮੀ ਸਿਹਤ ਸੇਵਾ ਵੱਲੋਂ ਦਾੜੀ ਸਾਫ਼ ਕਰਵਾਉਣ ਲਈ ਆਖਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

ਇਸ ਫੈਸਲੇ ਕਰਕੇ ਸਿੱਖ ਧਰਮ ਨੂੰ ਮੰਨਣ ਵਾਲਿਆ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਸਿੱਖ ਡਾਕਟਰਾਂ ਨੂੰ ਮੋਹਰਲੀ ਕਤਾਰ ਵਿੱਚੋਂ ਦਾੜੀ ਕੇਸਾਂ ਕਰਕੇ ਬਾਹਰ ਕਰਨਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ।

ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਮਾਨਵਤਾ ਦੀ ਸੇਵਾ ’ਚ ਲੱਗੇ ਸਿਹਤ ਮਾਮਲੇ ਦਾ ਮਨੋਬਲ ਡਿੱਗੇਗਾ। ਭਾਈ ਲੌਂਗੋਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਇਸ ਸਬੰਧ ਵਿਚ ਬਰਤਾਨੀਆ ਨਾਲ ਕੂਟਨੀਤਿਕ ਪੱਧਰ ’ਤੇ ਗੱਲ ਕਰਨ। ਇਹ ਸਿੱਖ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਜਿਸ ਨੂੰ ਨਜਿੱਠਣ ਲਈ ਤੁਰੰਤ ਕਦਮ ਉਠਾਏ ਜਾਣੇ।

-PTCNews

Related Post