ਗੁਰੂ ਘਰਾਂ ’ਚ ਸੰਗਤ ਦੀ ਖੁੱਲ੍ਹੀ ਆਮਦ ’ਤੇ ਸ਼੍ਰੋਮਣੀ ਕਮੇਟੀ ਕਰੇਗੀ ਸਵਾਗਤ : ਭਾਈ ਗੋਬਿੰਦ ਸਿੰਘ ਲੌਂਗੋਵਾਲ

By  Shanker Badra June 6th 2020 04:25 PM

ਗੁਰੂ ਘਰਾਂ ’ਚ ਸੰਗਤ ਦੀ ਖੁੱਲ੍ਹੀ ਆਮਦ ’ਤੇ ਸ਼੍ਰੋਮਣੀ ਕਮੇਟੀ ਕਰੇਗੀ ਸਵਾਗਤ : ਭਾਈ ਗੋਬਿੰਦ ਸਿੰਘ ਲੌਂਗੋਵਾਲ:ਅੰਮ੍ਰਿਤਸਰ : 8 ਜੂਨ ਤੋਂ ਧਾਰਮਿਕ ਅਸਥਾਨਾਂ ’ਤੇ ਸੰਗਤਾਂ ਨੂੰ ਨਤਮਸਤਕ ਹੋਣ ਦੀ ਖੁੱਲ੍ਹੀ ਇਜ਼ਾਜਤ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਕੀ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਲੰਮੇ ਅਰਸੇ ਬਾਅਦ ਸੰਗਤ ਦੇ ਗੁਰੂ ਘਰਾਂ ਵਿਚ ਆਉਣ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸਵਾਗਤ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਗਤ ਲਈ ਗੁਰਦੁਆਰਾ ਸਾਹਿਬਾਨ ਅੰਦਰ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣਗੀਆਂ।

ਭਾਈ ਲੌਂਗੋਵਾਲ ਨੇ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸੀਨੀਅਰ ਅਹੁਦੇਦਾਰਾਂ ਅਤੇ ਅਧਿਕਾਰੀਆਂ ਨਾਲ ਇਕੱਤਰਤਾ ਮਗਰੋਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਲਈ ਪ੍ਰਬੰਧਕੀ ਤਿਆਰੀ ਵਿਚ ਹੈ। ਉਨ੍ਹਾਂ ਆਖਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਅਜੇ ਵੀ ਸੁਚੇਤ ਰੂਪ ਵਿਚ ਵਿਚਰਨ ਦੀ ਲੋੜ ਹੈ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਤਿਆਰੀ ਕੀਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਅੰਦਰ ਸੰਗਤ ਦੀ ਆਪਸੀ ਦੂਰੀ ਯਕੀਨੀ ਬਣਾਈ ਜਾਵੇਗੀ। ਹੱਥ ਸਾਫ਼ ਕਰਵਾਉਣ ਲਈ ਸੈਨੇਟਾਈਜ਼ਰ ਦਾ ਪ੍ਰਬੰਧ ਹੈ।

ਹਰ ਗੁਰਦੁਆਰਾ ਸਾਹਿਬ ’ਚ ਸੇਵਾਦਾਰਾਂ ਨੂੰ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਖੇ ਨਤਮਸਤਕ ਹੋ ਕੇ ਸੰਗਤ ਨੂੰ ਮਾਨਸਿਕ ਮਜ਼ਬੂਤੀ ਮਿਲਦੀ ਹੈ ਅਤੇ ਲੰਮੇ ਅਰਸੇ ਬਾਅਦ ਸੰਗਤਾਂ ਗੁਰੂ ਘਰਾਂ ’ਚ ਆ ਕੇ ਅਰਦਾਸ ਬੇਨਤੀ ਕਰਨ ਲਈ ਉਡੀਕ ਕਰ ਰਹੀਆਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਅੰਦਰ ਨਤਮਸਤਕ ਹੋਣ ਸਮੇਂ ਸਾਵਧਾਨੀਆਂ ਜ਼ਰੂਰ ਵਰਤਣ ਅਤੇ ਪ੍ਰਬੰਧਕੀ ਸਹਿਯੋਗ ਦੇਣ।

-PTCNews

Related Post