SHO ਦੀ ਦਾਦਾਗਿਰੀ, ਇਨਸਾਫ਼ ਮੰਗ ਰਹੇ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਕੁੱਟਮਾਰ

By  Ravinder Singh September 8th 2022 12:43 PM

ਲੁਧਿਆਣਾ : ਰਾਤ ਲੁਧਿਆਣਾ ਥਾਣਾ ਡਿਵੀਜ਼ਨ ਨੰਬਰ-3 ਉਤੇ ਮਾਹੌਲ ਤਣਾਅਪੂਰਨ ਬਣ ਗਿਆ। ਲੋਕਾਂ ਨੇ ਪੁਲਿਸ ਦੇ ਧੱਕੇਸ਼ਾਹੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਲੁਧਿਆਣਾ ਵਿਚ ਦੇਰ ਰਾਤ ਥਾਣਾ ਡਵੀਜ਼ਨ ਨੰਬਰ-3 ਦੇ ਐਸਐਚਓ ਸੁਖਦੇਵ ਸਿੰਘ ਬਰਾੜ ਅਤੇ ਉਨ੍ਹਾਂ ਦੇ ਗੰਨਮੈਨ ਨੇ ਦਾਦਾਗਿਰੀ ਦਿਖਾਈ। ਜਿੱਥੇ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਧਰਨੇ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ ਗਈ ਤੇ ਗਾਲੀ-ਗਲੋਚ ਵੀ ਕੀਤੀ।

ਕਾਬਿਲੇਗੌਰ ਹੈ ਕਿ 1 ਦਿਨ ਪਹਿਲਾਂ ਗੈਂਗਸਟਰ ਵਿਸ਼ਾਲ ਗਿੱਲ ਵੱਲੋਂ ਰੰਜਿਸ਼ ਕਾਰਨ ਨੌਜਵਾਨ ਰਾਜਾ ਬਜਾਜ ਅਤੇ ਉਸਦੇ ਦੋਸਤ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀ ਚਲਾਉਣ ਦਾ ਕਾਰਨ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿੱਚ ਰਾਜਾ ਬਜਾਜ ਥਾਣਾ ਡਿਵੀਜ਼ਨ ਨੰਬਰ-3 ਵਿਚ ਆਪਣੀ ਸ਼ਿਕਾਇਤ ਦੇਣ ਗਿਆ ਸੀ।

SHO ਦੀ ਦਾਦਾਗਿਰੀ, ਇਨਸਾਫ਼ ਮੰਗ ਰਹੇ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਕੁੱਟਮਾਰਦੁਪਹਿਰ ਬਾਅਦ ਜਦੋਂ ਰਾਜਾ ਸ਼ਿਕਾਇਤ ਕਰਨ ਲਈ ਥਾਣੇ ਗਿਆ ਸੀ ਤਾਂ ਪੁਲਿਸ ਨੇ ਉਸ ਨੂੰ ਦੇਰ ਰਾਤ ਤੱਕ ਥਾਣੇ 'ਚ ਹੀ ਬਿਠਾ ਕੇ ਰੱਖਿਆ। ਇਸ ਦਾ ਵਿਰੋਧ ਕਰਦਿਆਂ ਰਾਜਾ ਬਜਾਜ ਦੇ ਪਰਿਵਾਰਕ ਮੈਂਬਰ ਥਾਣਾ ਡਿਵੀਜ਼ਨ ਨੰਬਰ-3 ਦੇ ਬਾਹਰ ਇਕੱਠੇ ਹੋ ਗਏ। ਰਾਜਾ ਬਜਾਜ ਦੇ ਪਰਿਵਾਰ ਤੇ ਦੋਸਤਾਂ ਨੇ ਐਸਐਚਓ ਸੁਖਦੇਵ ਸਿੰਘ ਬਰਾੜ ਖ਼ਿਲਾਫ਼ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।

ਥਾਣੇ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਰਾਜਾ ਨੂੰ ਥਾਣੇ 'ਚ ਬੇਲੋੜਾ ਬਿਠਾਇਆ ਗਿਆ ਹੈ, ਜਦਕਿ ਉਹ ਸ਼ਿਕਾਇਤਕਰਤਾ ਹੈ। ਇਸ ਦੌਰਾਨ ਐਸਐਚਓ ਸੁਖਦੇਵ ਸਿੰਘ ਬਰਾੜ ਸਿਵਲ ਕੱਪੜਿਆਂ ਵਿੱਚ ਆਪਣੇ ਗੰਨਮੈਨ ਸਮੇਤ ਮੌਕੇ ਉਤੇ ਪੁੱਜੇ। ਜਿਵੇਂ ਹੀ ਉਹ ਪਹੁੰਚੇ ਤਾਂ ਐਸ.ਐਚ.ਓ ਬਰਾੜ ਨੇ ਆਪਣਾ ਅੜੀਅਲ ਰਵੱਈਆ ਦਿਖਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਰਾਜਾ ਦੇ ਖਿਲਾਫ-307 ਦਾ ਮਾਮਲਾ ਦਰਜ ਕਰ ਲਿਆ ਹੈ, ਕਿਉਂਕਿ ਜਦੋਂ ਗੋਲੀਆਂ ਚੱਲੀਆਂ ਸਨ ਤਾਂ ਰਾਜਾ ਦੇ ਪਾਸਿਓਂ ਵੀ ਹਮਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਹਰਿਆਣਾ ਦੀ ਤਨਿਸ਼ਕਾ ਬਣੀ NEET ਦੀ ਟਾਪਰ, 10ਵੀਂ ਤੋਂ ਹੀ ਸ਼ੁਰੂ ਕੀਤੀ ਸੀ ਤਿਆਰੀ

ਇਸ ਦੌਰਾਨ ਜਦੋਂ ਰਾਜਾ ਦੇ ਪਰਿਵਾਰ ਨਾਲ ਆਏ ਉਨ੍ਹਾਂ ਦੇ ਵਕੀਲ ਨੇ ਐਸਐਚਓ ਬਰਾੜ ਨੂੰ ਪੁੱਛਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਮਾਮਲਾ ਦਰਜ ਕਰਕੇ ਰਾਜਾ ਨੂੰ ਥਾਣੇ ਵਿੱਚ ਬਿਠਾ ਦਿੱਤਾ ਹੈ, ਜਦਕਿ ਇਹ ਗਲਤ ਹੈ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਇਸ ਘਟਨਾਕ੍ਰਮ ਬਾਰੇ ਐੱਸਐੱਚਓ ਤੋਂ ਸਵਾਲ ਪੁੱਛੇ ਤਾਂ ਗੁੱਸੇ ਵਿੱਚ ਆਏ ਐੱਸਐੱਚਓ ਬਰਾੜ ਅਤੇ ਉਸ ਦੇ ਗੰਨਮੈਨ ਨੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ। ਪੱਤਰਕਾਰਾਂ ਨੇ ਕਿਸੇ ਤਰ੍ਹਾਂ ਪੁਲਿਸ ਤੋਂ ਆਪਣੀ ਜਾਨ ਬਚਾਈ। ਇਸ ਦੌਰਾਨ ਕਈ ਪੱਤਰਕਾਰ ਜ਼ਖਮੀ ਵੀ ਹੋਏ ਹਨ। ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੱਤਰਕਾਰਾਂ 'ਤੇ ਹਮਲੇ ਤੋਂ ਬਾਅਦ ਭੜਕੇ ਪੱਤਰਕਾਰਾਂ ਨੇ ਥਾਣਾ ਡਵੀਜ਼ਨ ਨੰਬਰ 3 ਦਾ ਦੁਪਹਿਰ 3 ਵਜੇ ਤੱਕ ਘਿਰਾਓ ਕੀਤਾ। ਥਾਣੇ ਦੇ ਐਸਐਚਓ ਬਰਾੜ ਤੇ ਉਸ ਦੇ ਗੰਨਮੈਨ ਦੀ ਦਹਿਸ਼ਤ ਕਾਰਨ ਮੀਡੀਆ ਮੁਲਾਜ਼ਮਾਂ ਦੇ ਸਨਮਾਨ ਨੂੰ ਧੱਕਾ ਲੱਗਾ ਹੈ।

-PTC News

 

Related Post