ਸਿਕਲੀਘਰ ਸਿੱਖਾਂ 'ਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਮਨਜੀਤ ਸਿੰਘ ਜੀ.ਕੇ. ਪੁੱਜੇ ਕਲਿਆਣਪੁਰੀ

By  Shanker Badra November 12th 2018 05:55 PM

ਸਿਕਲੀਘਰ ਸਿੱਖਾਂ 'ਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਮਨਜੀਤ ਸਿੰਘ ਜੀ.ਕੇ. ਪੁੱਜੇ ਕਲਿਆਣਪੁਰੀ:ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੀ ਪ੍ਰਭਾਵਿਤ ਕਾਲੌਨੀ ਕਲਿਆਣਪੁਰੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਕਲੀਘਰ ਸਿੱਖਾਂ ਦੇ ਮਨਾ ’ਚ ਭਰੋਸਾ ਪੈਦਾ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ।ਦਰਅਸਲ ਬੀਤੀ 31 ਅਕਤੂਬਰ ਦੀ ਰਾਤ ਨੂੰ ਸਥਾਨਕ ਲੋਕਾਂ ਵੱਲੋਂ ਸਿੱਖ ਬੀਬੀਆਂ ਅਤੇ ਸਿੱਖਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ ਸੀ।ਜਿਸ ਉਪਰੰਤ ਪੁਲਿਸ ਵੱਲੋਂ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਦਿੱਲੀ ਕਮੇਟੀ ਵੱਲੋਂ ਫ਼ੱਟੜ ਹੋਏ ਸਮੂਹ ਸਿੱਖਾਂ ਦਾ ਇਲਾਜ਼ ਕਮੇਟੀ ਦੇ ਬਾਲਾ ਸਾਹਿਬ ਹਸਪਤਾਲ ਵਿਖੇ ਕਰਵਾਇਆ ਗਿਆ ਸੀ।ਆਮ ਤੌਰ ’ਤੇ ਇਸ ਕਾਲੌਨੀ ’ਚ ਸਥਾਨਕ ਦਬੰਗ ਲੋਕਾਂ ਵੱਲੋਂ ਬਾਰ-ਬਾਰ ਸਿੱਖਾਂ ਨਾਲ ਟਕਰਾਓ ਪੈਦਾ ਕੀਤਾ ਜਾਣਾ ਆਮ ਗੱਲ ਬਣ ਚੁੱਕੀ ਹੈ।ਇੰਦਰਾ ਗਾਂਧੀ ਦੇ ਕਤਲ ਉਪਰੰਤ ਇਸ ਕਾਲੌਨੀ ’ਚ ਹੋਏ ਕਤਲੇਆਮ ਦੌਰਾਨ ਕਈ ਸਿੱਖ ਮਾਰੇ ਗਏ ਸਨ।

ਇਸੇ ਗੱਲ ਨੂੰ ਸਾਹਮਣੇ ਰੱਖਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿਕਲੀਘਰ ਸਿੱਖਾਂ ’ਚ ਸੁਰੱਖਿਆ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਲਈ ਪੂਰੀ ਕਾਲੌਨੀ ਦਾ ਰੋਡ ਸ਼ੋਅ ਰਾਹੀਂ ਦੌਰਾ ਕਰਨ ਉਪਰੰਤ ਨੁੱਕੜ੍ਹ ਮੀਟਿੰਗ ਨੂੰ ਸੰਬੋਧਿਤ ਕੀਤਾ। ਜੀ.ਕੇ. ਨੇ ਸਿਕਲੀਘਰ ਭਾਈਚਾਰੇ ਨੂੰ ਦਿੱਲੀ ਕਮੇਟੀ ਵੱਲੋਂ ਪੂਰੀ ਹਿਮਾਇਤ ਦੇਣ ਦਾ ਐਲਾਨ ਕਰਦੇ ਹੋਏ ਸਾਫ਼ ਕਿਹਾ ਕਿ ਸਿੱਖਾਂ ਨੂੰ ਮੁਗਲ, ਅੰਗਰੇਜ਼ ਅਤੇ ਕਾਂਗਰਸੀ ਖ਼ਤਮ ਕਰਨ ਦੀ ਕੋਸ਼ਿਸ਼ਾਂ ਕਰਦੇ ਹੋਏ ਹਾਰ ਚੁੱਕੇ ਹਨ।ਸਿੱਖ ਆਪਣੀ ਚੜ੍ਹਦੀਕਲਾ ਅਤੇ ਜ਼ਜ਼ਬੇ ਸਦਕਾ ਹਰੇਕ ’ਤੇ ਭਾਰੀ ਪੈਣ ਦੇ ਕਾਬਿਲ ਹੈ।ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ।ਦਿੱਲੀ ਦੀ ਸਮੂਹ ਸੰਗਤ ਤੁਹਾਡੇ ਨਾਲ ਖੜ੍ਹੀ ਹੈ।

ਜੀ.ਕੇ. ਨੇ ਆਰਥਿਕ ਪੱਖੋਂ ਕਮਜੋਰ ਸਿੱਖ ਪਰਿਵਾਰਾਂ ਨੂੰ ਸਾਮਾਜਿਕ ਪੱਖੋਂ ਕਮਜੋਰ ਸਮਝਣ ਵਾਲੇ ਦਬੰਗਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੇ ਵੱਲ ਬੁਰੀ ਨਜ਼ਰ ਨਾਲ ਤੱਕਣ ਵਾਲਿਆਂ ਨੂੰ ਆਪਣਾ ਭਵਿੱਖ ਸੁਰੱਖਿਤ ਰੱਖਣਾ ਔਖਾ ਹੋ ਜਾਵੇਗਾ।ਦਿੱਲੀ ਕਮੇਟੀ ਦੇ ਸਥਾਨਿਕ ਮੈਂਬਰ ਭੂਪਿੰਦਰ ਸਿੰਘ ਭੁੱਲਰ ਨੂੰ ਸਥਾਨਕ ਸਿੱਖਾਂ ਦੀ ਮਦਦ ਹਰ ਪਾਸੋਂ ਕਰਨ ਦਾ ਵੀ ਜੀ.ਕੇ. ਨੇ ਆਦੇਸ਼ ਦਿੱਤਾ।ਇਸ ਮੌਕੇ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਅਤੇ ਸਥਾਨਕ ਆਗੂਆਂ ਨੇ ਜੀ.ਕੇ. ਦਾ ਸੁਆਗਤ ਕੀਤਾ। ਢਾਡੀ ਜੱਥੇ ਨੇ ਬੀਰ ਰਸ ’ਚ ਢਾਡੀ ਵਾਰਾਂ ਗਾਇਨ ਕਰਕੇ ਮਾਹੌਲ ਨੂੰ ਚੜ੍ਹਦੀਕਲਾ ਵਾਲਾ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ।

-PTCNews

Related Post