ਸਿੱਖਾਂ ਦੇ ਕਥਿਤ ਕਾਤਲਾਂ ਦੇ ਨਾਲ ਫਿਰਕੂ ਭਾਈਚਾਰੇ ਦੀ ਬਹਾਲੀ ਦੀ ਗੱਲ ਕਰਨਾ ਕਾਂਗਰਸ ਦੀ ਜੁਮਲੇਬਾਜ਼ੀ : ਜੀ.ਕੇ.

By  Joshi April 9th 2018 07:02 PM

ਸਿੱਖਾਂ ਦੇ ਕਥਿਤ ਕਾਤਲਾਂ ਦੇ ਨਾਲ ਫਿਰਕੂ ਭਾਈਚਾਰੇ ਦੀ ਬਹਾਲੀ ਦੀ ਗੱਲ ਕਰਨਾ ਕਾਂਗਰਸ ਦੀ ਜੁਮਲੇਬਾਜ਼ੀ : ਜੀ.ਕੇ.

ਨਵੀਂ ਦਿੱਲੀ(9 ਅਪ੍ਰੈਲ 2018): 1984 ਸਿੱਖ ਕਤਲੇਆਮ ਦੇ ਕਥਿਤ ਆਰੋਪੀ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਦੇ ਵੱਲੋਂ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰਾਜਘਾਟ ਵਿੱਖੇ ਰੱਖੀ ਗਈ ਭੁੱਖ ਹੜਤਾਲ ’ਤੇ ਸ਼ਾਮਲ ਹੋਣ ਦਾ ਮਾਮਲਾ ਭੱਖ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫਿਰਕੂ ਭਾਈਚਾਰੇ ਦੀ ਬਹਾਲੀ ਲਈ ਕਾਂਗਰਸੀਆਂ ਵੱਲੋਂ ਕੀਤੀ ਗਈ ਭੁੱਖ ਹੜਤਾਲ ਨੂੰ ਪਾਖੰਡ ਕਰਾਰ ਦਿੱਤਾ ਹੈ।

ਜੀ.ਕੇ. ਨੇ ਕਿਹਾ ਕਿ ਸਿੱਖਾਂ ਦੇ ਕਥਿਤ ਕਾਤਲਾਂ ਦੇ ਨਾਲ ਬਹਿ ਕੇ ਫਿਰਕੂ ਭਾਈਚਾਰੇ ਦੀ ਬਹਾਲੀ ਦੀ ਗੱਲ ਕਰਨਾ ਜੁਮਲੇਬਾਜ਼ੀ ਹੈ। ਇੱਕ ਪਾਸੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੇ ਸੱਜੇ-ਖੱਬੇ ਦੋਹਾਂ ਨੂੰ ਬਿਠਾਉਣ ਤੋਂ ਸੰਕੋਚ ਕਰਦੀ ਹੋਈ ਦੋਨਾਂ ਨੂੰ ਵਾਪਸ ਭੇਜਦੀ ਹੈ ਅਤੇ ਫਿਰ ਮੀਡੀਆ ’ਚ ਮਾਮਲਾ ਆਉਣ ਤੋਂ ਬਾਅਦ ਦੂਜੀ ਸਟੇਜ਼ ’ਤੇ ਬਿਠਾਉਂਦੀ ਹੈ। ਜਿਸਤੋਂ ਸਾਫ਼ ਲਗਦਾ ਹੈ ਕਿ ਕਾਂਗਰਸ ਦੋਨੋਂ ਆਗੂਆਂ ਨੂੰ ਕਥਿਤ ਤੌਰ ’ਤੇ ਸਿੱਖ ਕਤਲੇਆਮ ਦਾ ਜਿੰਮੇਵਾਰ ਮੰਨਦੀ ਹੈ ਪਰ ਉਹ ਗਾਂਧੀ ਪਰਿਵਾਰ ਦੇ ਲੁੱਕਵੇਂ ਭੇਦ ਜਨਤਕ ਨਾ ਕਰ ਦੇਣ ਉਸਤੋਂ ਡਰ ਕੇ ਉਨ੍ਹਾਂ ਦੀ ਪੁਸ਼ਤ-ਪਨਾਹੀ ਵੀ ਕਰਦੀ ਹੈ। ਜੀ.ਕੇ. ਨੇ ਰਾਹੁਲ ਗਾਂਧੀ ਨੂੰ ਪਾਖੰਡ ਦੀ ਸਿਆਸਤ ਤੋਂ ਦੂਰ ਰਹਿ ਕੇ ਫਿਰਕੂ ਭਾਈਚਾਰੇ ਦੀ ਬਹਾਲੀ ਲਈ ਦੋਹਾਂ ਆਗੂਆਂ ਨੂੰ ਕਾਂਗਰਸ ਪਾਰਟੀ ਚੋੋਂ ਬਾਹਰ ਕੱਢਣ ਦੀ ਨਸੀਹਤ ਦਿੱਤੀ।

ਜੀ.ਕੇ. ਨੇ ਸਵਾਲ ਕੀਤਾ ਕਿ ਦਲਿਤਾਂ ’ਤੇ ਤਸ਼ੱਦਦ ਦੇ ਨਾਂ ’ਤੇ ਭੁੱਖ ਹੜਤਾਲ ਦਾ ਵਿਖਾਵਾ ਕਰ ਰਹੇ ਕਾਂਗਰਸੀ ਆਗੂਆਂ ਨੂੰ 1984 ਦੀ ਵਿਧਵਾਵਾਂ ਨਾਲ ਹੋਈ ਸ਼ਰੀਰਿਕ ਅਤੇ ਸਮਾਜਿਕ ਤਸ਼ੱਦਦ ਕਿਉਂ ਨਹੀਂ ਨਜ਼ਰ ਆਉਂਦੀ ? ਜੀ.ਕੇ. ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਇਤਿਹਾਸ ਹਮੇਸ਼ਾ ਤੋਂ ਫਿਰਕੂ ਭਾਈਚਾਰੇ ਨੂੰ ਲਾਂਬੂ ਲਾਉਣ ਵਾਲਾ ਰਿਹਾ ਹੈ। ਪੰਜਾਬ ਦੇ ਸਿੱਖਾਂ ਨੂੰ ਹਮੇਸ਼ਾ ਹਿੰਦੂ ਭਾਈਚਾਰੇ ਦੇ ਖਿਲਾਫ਼ ਲੜਾਉਣ ਦੀਆਂ ਚਾਲਾਂ ਕਾਂਗਰਸ ਰਾਜ ’ਚ ਸਿੱਖਰ ’ਤੇ ਰਹੀਆਂ ਹਨ। ਇਸ ਲਈ ਫਿਰਕੂ ਭਾਈਚਾਰੇ ਨੂੰ ਬਚਾਉਣ ਲਈ ਜੇਕਰ ਕਾਂਗਰਸ ਫਿਕਰਮੰਦ ਹੈ ਤਾਂ ਸਭ ਤੋਂ ਪਹਿਲਾ ਸਿੱਖਾਂ ਦੇ ਕਥਿਤ ਕਾਤਲਾਂ ਨੂੰ ਬਾਹਰ ਕੱਢਣ ਦੀ ਹਿੱਮਤ ਦਿਖਾਵੇ।

—PTC News

Related Post