ਨਗਰ ਕੀਰਤਨ ਦਾ ਸੰਗਤ ਵੱਲੋਂ ਥਾਂ-ਥਾਂ ਭਰਵਾਂ ਸਵਾਗਤ, ਸੁਲਤਾਨਪੁਰ ਲੋਧੀ ਵਿਖੇ ਕੱਲ ਹੋਵੇਗਾ ਸੰਪੰਨ

By  Shanker Badra October 7th 2018 06:03 PM

ਨਗਰ ਕੀਰਤਨ ਦਾ ਸੰਗਤ ਵੱਲੋਂ ਥਾਂ-ਥਾਂ ਭਰਵਾਂ ਸਵਾਗਤ, ਸੁਲਤਾਨਪੁਰ ਲੋਧੀ ਵਿਖੇ ਕੱਲ ਹੋਵੇਗਾ ਸੰਪੰਨ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਯੂਪੀ ਵਿਚ ਪੈਂਦੇ ਗੁਰਦੁਆਰਾ ਕੋੜੀ ਵਾਲਾ ਘਾਟ ਤੋਂ 1 ਅਕਤੂਬਰ ਨੂੰ ਖਾਲਸਈ ਜਾਹੋ ਜਲਾਲ ਨਾਲ ਆਰੰਭ ਹੋਏ ਨਗਰ ਕੀਰਤਨ ਨੇ ਅੱਜ ਪੰਜਾਬ ਵਿਚ ਪ੍ਰਵੇਸ਼ ਕੀਤਾ।ਸਤਵੇਂ ਦਿਨ ਹਰਿਆਣਾ ’ਚ ਪੈਂਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ ਦਸਵੀਂ ਕਪਾਲ ਮੋਚਨ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਨਗਰ ਕੀਰਤਨ ਦੀ ਅਰੰਭਤਾ ਮੌਕੇ ਭਾਈ ਸੁਖਵਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਇਸ ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਤੇਜਿੰਦਰਪਾਲ ਸਿੰਘ ਲਾਡਵਾ, ਅਮਰੀਕ ਸਿੰਘ ਸ਼ਾਹਪੁਰ, ਬੀਬੀ ਮਨਜੀਤ ਕੌਰ, ਬਾਬਾ ਸੁੱਖਾ ਸਿੰਘ ਕਾਰਸੇਵਾ ਵਾਲੇ, ਮੀਤ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ।

ਇਸ ਮੌਕੇ ਭਾਈ ਅਜਾਇਬ ਸਿੰਘ ਅਭਿਆਸੀ ਤੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਸੰਗਤ ਨੂੰ ਜਿਥੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਅਮਲੀ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ ਉਥੇ ਹੀ ਆਰੰਭਤਾ ਸਮੇਂ ਪੁੱਜੀਆਂ ਵੱਡੀ ਗਿਣਤੀ ਸੰਗਤਾਂ ਦਾ ਧੰਨਵਾਦ ਕੀਤਾ।ਇਸ ਦੌਰਾਨ ਭਾਈ ਅਭਿਆਸੀ ਨੇ ਹਰਿਆਣਾ ਵਿਚ ਨਗਰ ਕੀਰਤਨ ਦੇ ਕੀਤੇ ਸ਼ਾਨਦਾਰ ਸਵਾਗਤ ਲਈ ਹਰਿਆਣਾ ਦੇ ਸਿੱਖ ਆਗੂ ਰਘੂਜੀਤ ਸਿੰਘ ਵਿਰਕ, ਬਲਦੇਵ ਸਿੰਘ ਕਾਇਮਪੁਰ, ਤੇਜਿੰਦਰਪਾਲ ਸਿੰਘ ਢਿੱਲੋਂ ਤੇ ਬੀਬੀ ਮਨਜੀਤ ਕੌਰ ਤੇ ਸੰਗਤਾਂ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ।

ਭਾਈ ਅਜਾਇਬ ਸਿੰਘ ਅਭਿਆਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੀਰਤਨ ਦੇ ਪੰਜਾਬ ਦੀ ਧਰਤੀ ’ਤੇ ਪੁੱਜਣ ਤੋਂ ਪਹਿਲਾਂ ਅੱਜ ਹਰਿਆਣਾ ਦੇ ਮਡਰੋਲੀ, ਸਢੌਰਾ, ਡੈਹਰ, ਨਰਾਇਣਗੜ੍ਹ, ਸ਼ਹਿਯਾਦਪੁਰ, ਹੰਡੇਸਰਾ, ਗੁਰਦੁਆਰਾ ਪੰਜੋਖਰਾ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕਰਕੇ ਖਾਲਸਾਈ ਜਾਹੋ ਜਲਾਲ ਨਾਲ ਸਵਾਗਤ ਕੀਤਾ ਅਤੇ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਦੀ ਟਹਿਲ ਸੇਵਾ ਕੀਤੀ।ਭਾਈ ਅਭਿਆਸੀ ਨੇ ਦੱਸਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦੀ ਸਮਾਪਤੀ ਭਲਕੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਵੇਗੀ।

-PTCNews

Related Post