ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਕੈਂਸਰ ਦੇ ਮਰੀਜ਼ਾਂ ਦਾ ਆਧੁਨਿਕ ਵਿਧੀ ਨਾਲ ਕਰੇਗੀ ਇਲਾਜ਼

By  Shanker Badra January 29th 2020 09:21 PM -- Updated: January 30th 2020 05:23 PM

ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਕੈਂਸਰ ਦੇ ਮਰੀਜ਼ਾਂ ਦਾ ਆਧੁਨਿਕ ਵਿਧੀ ਨਾਲ ਕਰੇਗੀ ਇਲਾਜ਼:ਅੰਮ੍ਰਿਤਸਰ : ਕੈਂਸਰ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ਼ ਦੇਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੱਲੋਂ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਡਾ. ਰੂਪ ਸਿੰਘ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਇਹ ਸਮਝੌਤਾ ਸ੍ਰੀ ਗੁਰੂ ਰਾਮਦਾਸ ਕੈਂਸਰ ਹਸਪਤਾਲ ਦੀਆਂ ਸੇਵਾਵਾਂ ਵਿਚ ਹੋਰ ਵਾਧਾ ਕਰਨ ਦੇ ਮੱਦੇਨਜ਼ਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੂੰ ਇਲਾਜ਼ ਦੀਆਂ ਆਧੁਨਿਕ ਤਕਨੀਕਾਂ ਨਾਲ ਜੋੜਿਆ ਜਾ ਸਕੇਗਾ। ਡਾ. ਰੂਪ ਸਿੰਘ ਨੇ ਦੱਸਿਆ ਕਿ ਸਮਝੌਤਾ ਸਹੀਬੱਧ ਕਰਨ ਸਮੇਂ ਉਨ੍ਹਾਂ ਸਮੇਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ, ਰਜਿਸਟਰਾਰ ਡਾ. ਬਲਜੀਤ ਸਿੰਘ ਖੁਰਾਣਾ, ਡਾ. ਜਸਕਰਨ ਸਿੰਘ, ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾ. ਰਾਜਿੰਦਰਾ ਭਾਦਵੇ, ਡਾਇਰੈਕਟਰ ਅਕਾਦਮਿਕ ਡਾ. ਐਸ. ਡੀ. ਬਾਨਵਾਲੀ, ਡਾ. ਪੰਕਜ ਚਤਰਵੇਦੀ ਅਤੇ ਡਾ. ਪਰਥਮੇਸ਼ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਦੱਸਿਆ ਕਿ ਟਾਟਾ ਮੈਮੋਰੀਅਲ ਹਸਪਤਾਲ ਇੱਕ ਖੁਦਮੁਖਤਿਆਰ ਸੰਸਥਾ ਹੈ, ਜਿਸ ਦਾ ਪ੍ਰਬੰਧਕੀ ਕੰਟਰੋਲ ਐਟੋਮੀਕ ਐਨਰਜੀ ਵਿਭਾਗ ਭਾਰਤ ਸਰਕਾਰ ਕੋਲ ਹੈ। ਇਹ ਖੋਜ ਅਤੇ ਪੜ੍ਹਾਈ ਲਈ ਆਧੁਨਿਕ ਤਕਨੀਕ ਅਤੇ ਸਹੂਲਤ ਪ੍ਰਦਾਨ ਕਰਨ ਵਿਚ ਮੋਹਰੀ ਹੈ। ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵੀ ਮੈਡੀਕਲ ਖੇਤਰ ਵਿਚ ਮੰਨੀ ਪ੍ਰਮੰਨੀ ਸੰਸਥਾ ਹੈ। ਦੋਹਾਂ ਸੰਸਥਾਵਾਂ ਵਿਚ ਸਮਝੌਤੇ ਨਾਲ ਮਰੀਜ਼ਾਂ ਨੂੰ ਇਲਾਜ਼ ਦੀਆਂ ਬਿਹਤਰ ਸੇਵਾਵਾਂ ਮਿਲ ਸਕਣਗੀਆਂ। ਡਾ. ਰੂਪ ਸਿੰਘ ਅਨੁਸਾਰ ਇਹ ਸਮਝੌਤਾ ਖਿਤੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਡੀਨ ਡਾ. ਏ.ਪੀ. ਸਿੰਘ ਅਨੁਸਾਰ ਇਸ ਸਮਝੋਤੇ ਅਧੀਨ ਟਾਟਾ ਮੈਮੋਰੀਅਲ ਹਸਪਤਾਲ ਮੁੰਬਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਨੂੰ ਕੈਂਸਰ ਦੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਸਹਿਯੋਗ ਕਰੇਗਾ। ਇਸ ਨਾਲ ਜਨਸੰਖਿਆਂ ਦੇ ਅਧਾਰ ’ਤੇ ਕੈਂਸਰ ਮਰੀਜ਼ਾਂ ਦੀ ਸੂਚੀ ਤਿਆਰ ਕਰਨ ਅਤੇ ਵੱਖ-ਵੱਖ ਬਿਮਾਰੀਆਂ ਤਹਿਤ ਅੰਗ ਦੇ ਕੇ ਇਲਾਜ਼ ਕਰਨ ਦੀ ਆਧੁਨਿਕ ਤਕਨੀਕ ਬਾਰੇ ਵੀ ਟ੍ਰੇਨਿੰਗ ਪ੍ਰਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਾਟਾ ਹਸਪਤਾਲ ਦੇ ਮੁਲਾਪੁਰ ਅਤੇ ਸੰਗਰੂਰ ਸਥਿਤ ਸੈਂਟਰਾਂ ਦਾ ਡਾਕਟਰੀ ਸਟਾਫ ਵੀ ਰੈਗੂਲਰ ਤੌਰ ’ਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਤੇ ਯੂਨੀਵਰਸਿਟੀ ਵਿਖੇ ਆਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੈਂਸਰ ਪੀੜਤਾਂ ਨੂੰ ਇਲਾਜ ਦੇ ਸਕਣ ਵਿਚ ਸ੍ਰੀ ਗੁਰੂ ਰਾਮਦਾਸ ਕੈਂਸਰ ਹਸਪਤਾਲ ਵੱਡੀ ਭੂਮਿਕਾ ਨਿਭਾਅ ਰਿਹਾ ਹੈ ਅਤੇ ਭਵਿੱਖ ਵਿਚ ਇਨ੍ਹਾਂ ਸੇਵਾਵਾਂ ਵਿਚ ਜ਼ਿਕਰਯੋਗ ਵਾਧਾ ਹੋਵੇਗਾ।

-PTCNews

Related Post