ਸ੍ਰੀ ਦਰਬਾਰ ਸਾਹਿਬ ਦੀ ਆਮਦਨ ਤੇ ਖਰਚਿਆਂ ਸਬੰਧੀ ਭਾਈ ਰਣਜੀਤ ਸਿੰਘ ਦੇ ਇਲਜ਼ਾਮ ਤੱਥ ਰਹਿਤ :ਜਸਵਿੰਦਰ ਸਿੰਘ ਦੀਨਪੁਰ

By  Shanker Badra October 8th 2019 11:21 AM -- Updated: October 8th 2019 11:24 AM

ਸ੍ਰੀ ਦਰਬਾਰ ਸਾਹਿਬ ਦੀ ਆਮਦਨ ਤੇ ਖਰਚਿਆਂ ਸਬੰਧੀ ਭਾਈ ਰਣਜੀਤ ਸਿੰਘ ਦੇ ਇਲਜ਼ਾਮ ਤੱਥ ਰਹਿਤ :ਜਸਵਿੰਦਰ ਸਿੰਘ ਦੀਨਪੁਰ:ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਭੇਟਾ ਕੀਤੀ ਜਾਂਦੀ ਮਾਇਆ, ਕੜਾਹ ਪ੍ਰਸ਼ਾਦ ਦੀ ਆਮਦਨ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਖਰੀਦ ਕੀਤੀਆਂ ਜਾਂਦੀਆਂ ਰਸਦਾਂ ਸਬੰਧੀ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਦਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਮੈਨੇਜਰ ਦੀਨਪੁਰ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਇਕ ਟਰੱਕ ਰੋਜ਼ਾਨਾ ਘਿਉ ਖਰੀਦਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਗੋਲਕ ਸਵਾ ਕਰੋੜ ਰੁਪਏ ਅਤੇ ਕੜਾਹ ਪ੍ਰਸ਼ਾਦ ਦੀ ਵੱਟਕ ਸਵਾ ਕਰੋੜ ਰੁਪਏ ਰੋਜ਼ਾਨਾ ਦੱਸਣਾ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਦੱਸਿਆ ਕਿ ਏਨੀ ਆਮਦਨ ਤਾਂ ਸ੍ਰੀ ਦਰਬਾਰ ਸਾਹਿਬ ਸਮੇਤ ਇਸ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਦੀ ਵੀ ਨਹੀਂ ਹੈ।

ਦੀਨਪੁਰ ਨੇ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਛੇ ਮਹੀਨੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਨ੍ਹਾਂ ਨਾਲ ਸਬੰਧਤ ਚਾਲ੍ਹੀ ਦੇ ਕਰੀਬ ਗੁਰਦੁਆਰਿਆਂ ਦੀ ਗੋਲਕ ਹਰ ਮਹੀਨੇ ਔਸਤਨ ਬਾਰ੍ਹਾਂ ਕਰੋੜ ਰੁਪਏ ਬਣਦੀ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਗੁਰਦੁਆਰਿਆਂ ਦੀ ਰੋਜ਼ਾਨਾ ਔਸਤ 40 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਵਿਸਥਾਰ ਵਿਚ ਪਿਛਲੇ 6 ਮਹੀਨੇ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਦੀ ਅਪ੍ਰੈਲ ਮਹੀਨੇ ਵਿਚ ਗੋਲਕ 14 ਕਰੋੜ 46 ਲੱਖ ਰੁਪਏ, ਮਈ ਮਹੀਨੇ 11 ਕਰੋੜ 67 ਲੱਖ ਰੁਪਏ, ਜੂਨ ਮਹੀਨੇ 11 ਕਰੋੜ 86 ਲੱਖ ਰੁਪਏ, ਜੁਲਾਈ ਮਹੀਨੇ 11 ਕਰੋੜ 37 ਲੱਖ ਰੁਪਏ, ਅਗਸਤ ਮਹੀਨੇ 10 ਕਰੋੜ 66 ਲੱਖ ਰੁਪਏ, ਸਤੰਬਰ ਮਹੀਨੇ 10 ਕਰੋੜ 13 ਲੱਖ ਰੁਪਏ ਹੈ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਵੱਟਕ ਦੀ ਮਹੀਨਾਵਾਰ ਔਸਤ 3 ਕਰੋੜ 60 ਲੱਖ ਰੁਪਏ ਹੈ। ਇਹ ਵੱਟਕ ਰੋਜ਼ਾਨਾ 12 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰੂ ਘਰ ਦੀ ਗੋਲਕ ਗਿਣਤੀ ਰੋਜ਼ਾਨਾ ਨਹੀਂ ਹੁੰਦੀ, ਸਗੋਂ ਵਾਰੀ ਅਨੁਸਾਰ ਕੀਤੀ ਜਾਂਦੀ ਹੈ।

ਹਰ ਰੋਜ਼ ਇਕ ਟਰੱਕ ਘਿਉ ਦੇ ਜਾਅਲੀ ਬਿੱਲ ਪਾਉਣ ਦੇ ਇਲਜ਼ਾਮ ਸਬੰਧੀ  ਦੀਨਪੁਰ ਨੇ ਸਪੱਸ਼ਟ ਕੀਤਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਘਿਉ ਦਾ ਟੈਂਡਰ ਸਹਿਕਾਰੀ ਅਦਾਰਾ ਵੇਰਕਾ ਮਿਲਕ ਪਲਾਂਟ ਨਾਲ ਕੀਤਾ ਗਿਆ ਹੈ। ਇਹ ਦਾ ਬਕਾਇਦਾ ਰਿਕਾਰਡ ਸ੍ਰੀ ਦਰਬਾਰ ਸਾਹਿਬ ਦਫ਼ਤਰ ਪਾਸ ਹੈ। ਘਿਉ ਦੀ ਜਿੰਨੀ ਲਾਗਤ ਲੰਗਰ ਲਈ ਆਉਂਦੀ ਹੈ ਉਸੇ ਅਨੁਸਾਰ ਹੀ ਮੰਗਵਾਇਆ ਜਾਂਦਾ ਹੈ। ਇਕ ਟਰੱਕ ਰੋਜ਼ਾਨਾ ਫਰਜ਼ੀ ਤੌਰ ’ਤੇ ਮੰਗਵਾਉਣ ਦਾ ਇਲਜ਼ਾਮ ਤੱਥਾਂ ਤੋਂ ਰਹਿਤ ਹੈ ਅਤੇ ਅਜਿਹੇ ਇਲਜ਼ਾਮ ਇਕ ਧਾਰਮਿਕ ਤੇ ਸਤਿਕਾਰਤ ਸ਼ਖ਼ਸੀਅਤ ਵੱਲੋਂ ਲਗਾਉਣੇ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਲਗਾਏ ਗਏ ਸਾਰੇ ਇਲਜ਼ਾਮਾਂ ਵਿਚ ਕਿਸੇ ਕਿਸਮ ਦੀ ਸੱਚਾਈ ਨਹੀਂ ਹੈ। ਹਰ ਕੰਮ ਪਾਰਦਰਸ਼ੀ ਹੈ ਅਤੇ ਇਸ ਸਬੰਧ ਵਿਚ ਕਿਸੇ ਸਮੇਂ ਵੀ ਰਿਕਾਰਡ ਦੇਖਿਆ ਜਾ ਸਕਦਾ ਹੈ। ਇੰਨੇ ਵੱਡੇ ਫ਼ਰਕ ਨਾਲ ਸੰਗਤਾਂ ਵਿਚ ਗਲਤ ਜਾਣਕਾਰੀ ਭੇਜਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਉਨ੍ਹਾਂ ਸਿੰਘ ਸਾਹਿਬ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਬਿਨਾ ਤਸਦੀਕ ਕੀਤਿਆਂ ਗਲਤ ਇਲਜ਼ਾਮ ਲਗਾ ਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਨਾ ਕਰਨ ਅਤੇ ਅਜਿਹਾ ਕਰਨ ਸਮੇਂ ਆਪਣੀ ਸ਼ਖ਼ਸੀਅਤ ਦੇ ਮਾਣ-ਸਤਿਕਾਰ ਨੂੰ ਵੀ ਸਾਹਮਣੇ ਰੱਖਣ।

-PTCNews

Related Post