ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਲਈ ਵੀ ਲਾਂਘਾ ਖੁੱਲ੍ਹੇ: ਬੀਬੀ ਜਗੀਰ ਕੌਰ

By  Jashan A August 6th 2021 04:59 PM -- Updated: August 6th 2021 05:00 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲ੍ਹਣ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵੀ ਸੰਗਤ ਨੂੰ ਇਜਾਜ਼ਤ ਦੇਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਕਾਰਨ ਬੰਦ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਦੋਹਾਂ ਦੇਸ਼ਾਂ ਨੂੰ ਸਿਰ ਜੋੜ ਕੇ ਫੈਸਲਾ ਲੈਣਾ ਚਾਹੀਦਾ ਹੈ, ਕਿਉਂਕਿ ਹੁਣ ਕੋਰੋਨਾ ਦੀਆਂ ਪਾਬੰਦੀਆਂ ਲਗਭਗ ਖ਼ਤਮ ਹੋਣ ਕਿਨਾਰੇ ਹਨ।

ਜੇਕਰ ਵਿੱਦਿਅਕ ਅਦਾਰੇ ਤੇ ਬਜ਼ਾਰ ਖੋਲ੍ਹਣ ਦੇ ਨਾਲ-ਨਾਲ ਜਨਤਕ ਅਸਥਾਨਾਂ ’ਤੇ ਵੀ ਪਾਬੰਦੀਆਂ ਘਟਾਈਆਂ ਜਾ ਚੁੱਕੀਆਂ ਹਨ, ਤਾਂ ਅਜਿਹੇ ਵਿਚ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਾਂ ਸੀਮਤ ਗਿਣਤੀ ਵਿਚ ਹੀ ਸੰਗਤ ਦਰਸ਼ਨਾਂ ਲਈ ਜਾਂਦੀ ਸੀ, ਇਸ ਲਈ ਰੋਕ ਦਾ ਜਾਰੀ ਰੱਖਣਾ ਤਰਕਸੰਗਤ ਨਹੀਂ ਹੈ।

ਬੀਬੀ ਜਗੀਰ ਕੌਰ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਂਗ ਹੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਤਰਜ਼ ’ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵੀ ਸੇਵੇਰੇ ਜਾ ਕੇ ਸ਼ਾਮ ਨੂੰ ਵਾਪਸ ਪਰਤ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਸਰਕਾਰਾਂ ਨੇ ਹਾਲਾਤਾਂ ਦੇ ਮੱਦੇਨਜ਼ਰ ਇਹ ਫੈਸਲਾ ਲੈਣਾ ਹੈ, ਪਰ ਫਿਰ ਵੀ ਇਸ ’ਤੇ ਗੌਰ ਕੀਤਾ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ: ਦਿੱਲੀ ਕਮੇਟੀ ਦੇ 125 ਬੈੱਡਾਂ ਵਾਲੇ ਹਸਪਤਾਲ ‘ਤੇ ਰੋਕ ਲਗਾਉਣ ਲਈ ਸਰਨਾ ਭਰਾਵਾਂ ਨੇ ਅਦਾਲਤ ਦਾ ਕੀਤਾ ਰੁਖ਼

ਬੀਬੀ ਜਗੀਰ ਕੌਰ ਨੇ ਅਫ਼ਗਾਨਿਸਤਾਨ ਅੰਦਰ ਤਾਲਿਬਾਨ ਵੱਲੋਂ ਇਕ ਗੁਰਦੁਆਰਾ ਸਾਹਿਬ ਵਿੱਚੋਂ ਨਿਸ਼ਾਨ ਸਾਹਿਬ ਉਤਾਰਨ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿਚ ਸਿੱਖਾਂ ਦੇ ਪਾਵਨ ਅਸਥਾਨ ਅਤੇ ਉਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਬਾਰ-ਬਾਰ ਅਫ਼ਗਾਨਿਸਤਾਨ ਵਿਚ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਘੱਟਗਿਣਤੀਆਂ ਨਾਲ ਧੱਕਾ ਹੈ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਟੋਕੀਓ ਓਲੰਪਿਕ ਵਿੱਚੋਂ ਕਾਂਸੇ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਕੁਝ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਕੀ ਟੀਮ ਨੇ ਜਿੱਤ ਦਰਜ ਕਰਕੇ ਦੇਸ਼ ਅਤੇ ਖ਼ਾਸਕਰ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ, ਕਿਉਂਕਿ ਟੀਮ ਵਿਚ ਬਹੁਗਿਣਤੀ ਖਿਡਾਰੀ ਪੰਜਾਬ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੜਕਿਆਂ ਦੀ ਹਾਕੀ ਟੀਮ ਦੇ ਨਾਲ-ਨਾਲ ਲੜਕੀਆਂ ਦੀ ਹਾਕੀ ਟੀਮ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਖੇਡ ਵਿਭਾਗ ਵੱਲੋਂ ਬੀਬੀ ਜਗੀਰ ਕੌਰ ਨੂੰ ਭਾਰਤ ਦੀ ਹਾਕੀ ਟੀਮ ਲਈ ਇਕ ਕਰੋੜ ਦੀ ਇਨਾਮੀ ਰਾਸ਼ੀ ਐਲਾਨ ਕਰਨ ’ਤੇ ਧੰਨਵਾਦ ਕੀਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਗੁਰਮੇਲ ਸਿੰਘ ਸੰਗਤਪੁਰਾ, ਅਮਰੀਕ ਸਿੰਘ ਵਿਛੋਆ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਗੁਰਮੀਤ ਸਿੰਘ ਅਡਵਾਈਜ਼ਰ, ਕੋਚ ਸੁਰਜੀਤ ਸਿੰਘ ਲਹਿਰਕਾ, ਪ੍ਰਕਾਸ਼ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ।

-PTC News

 

Related Post