ਸ਼੍ਰੀਲੰਕਾ ਦੀ ਸੰਸਦ 'ਚ ਹੋਇਆ ਹੰਗਾਮਾ ,ਚੱਲੀਆਂ ਕੁਰਸੀਆਂ ਅਤੇ ਸੁੱਟਿਆ ਮਿਰਚੀ ਪਾਊਡਰ

By  Shanker Badra November 17th 2018 10:23 AM

ਸ਼੍ਰੀਲੰਕਾ ਦੀ ਸੰਸਦ 'ਚ ਹੋਇਆ ਹੰਗਾਮਾ ,ਚੱਲੀਆਂ ਕੁਰਸੀਆਂ ਅਤੇ ਸੁੱਟਿਆ ਮਿਰਚੀ ਪਾਊਡਰ:ਸ਼੍ਰੀਲੰਕਾ : ਸ਼੍ਰੀਲੰਕਾ ਦੀ ਸੰਸਦ 'ਚ ਦੂਜੇ ਦਿਨ ਵੀ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਹੈ।ਇਸ ਦੌਰਾਨ ਸਾਂਸਦਾਂ ਵੱਲੋਂ ਇੱਕ ਦੂਜੇ ਉੱਪਰ ਕੁਰਸੀਆਂ ਅਤੇ ਮਿਰਚਾਂ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਬਾਅਦ ਸਪੀਕਰ ਕਾਰੂ ਜੈਸੂਰੀਆ ਨੇ ਸਦਨ ਅੰਦਰ ਪੁਲਿਸ ਬੁਲਾ ਲਈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ।

ਦਰਅਸਲ ਇਹ ਹੰਗਾਮਾ ਸਪੀਕਰ ਦੁਆਰਾ ਮਹਿੰਦਾ ਰਾਜਪਕਸ਼ੇ ਵਿਰੁੱਧ ਬੇਭਰੋਸਗੀ ਮਤੇ ਤੋਂ ਬਾਅਦ ਕੋਈ ਪ੍ਰਧਾਨ ਮੰਤਰੀ ਜਾਂ ਸਰਕਾਰ ਨਾ ਹੋਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਹੋਇਆ ਹੈ।ਪਿਛਲੇ ਮਹੀਨੇ ਇੱਕ ਵਿਵਾਦਤ ਕਦਮ ਤਹਿਤ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਹਟਾਏ ਗਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਗੱਠਜੋੜ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸਦਨ `ਚ ਸ਼ਕਤੀ ਪਰੀਖਣ ਲਈ ਸਹਿਮਤ ਹੋ ਗਏ ਸਨ।

ਅਧਿਕਾਰੀਆਂ ਨੇ ਕਿਹਾ ਕਿ ਰਾਜਪਕਸ਼ੇ ਦਾ ਸਮਰਥਨ ਕਰ ਰਹੇ ਸੰਸਦ ਮੈਂਬਰ ਸਪੀਕਰ ਦੀ ਕੁਰਸੀ `ਤੇ ਬੈਠ ਗਏ, ਜਿਸ ਨਾਲ ਕਾਰਵਾਈ `ਚ ਦੇਰੀ ਹੋ ਗਈ।ਉਨ੍ਹਾਂ ਨੇ ਸਪੀਕਰ ਜੈਸੂਰਿਆ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।ਇਹ ਹੰਗਾਮਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਸਪੀਕਰ ਨੂੰ ਪੁਲਿਸ ਬੁਲਾਉਣੀ ਪੈ ਗਈ।ਜਾਣਕਾਰੀ ਮੁਤਾਬਕ ਰਾਜਪਕਸ਼ੇ ਦੇ ਸਮਰਥਕਾਂ ਨੂੰ ਵਿਰੋਧੀਆਂ ਅਤੇ ਪੁਲਿਸ `ਤੇ ਮਿਰਚ ਪਾਊਡਰ ਸੁੱਟਦੇ ਅਤੇ ਹੱਥੋਪਾਈ ਕਰਦਿਆਂ ਵੇਖਿਆ ਗਿਆ।ਇਸ ਹੰਗਾਮੇ `ਚ ਸੀਨੀਅਰ ਸੰਸਦ ਮੈਂਬਰ ਗਾਮਿਨੀ ਜੈਵਿਕਰਮਾ ਪਰੇਰਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਉੱਪਰ ਮਿਰਚਾਂ ਵੀ ਸੁੱਟੀਆਂ ਗਈਆਂ।

-PTCNews

Related Post