ਸੁਖਬੀਰ ਸਿੰਘ ਬਾਦਲ ਨੇ ਸ੍ਰੀ ਗੰਗਾਨਗਰ ਆਧਾਰਿਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਖਿਲਾਫ ਰਾਸ਼ਟਰ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਦਾ ਪਰਚਾ ਦਰਜ ਕਰਨ ਦੀ ਕੀਤੀ ਨਿਖੇਧੀ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਗੰਗਾਨਗਰ ਦੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਤੇਜਿੰਦਰਪਾਲ ਸਿੰਘ ਟਿੰਮਾ ਦੇਸ਼ ਵਿਰੋਧੀ ਅਨਸਰਾਂ ਨੂੰ ਉਤਸ਼ਾਹਿਤ ਕਰਨ ਦਾ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਨੇ ਤਾਂ ਸਿਰਫ ਸਿੱਖ ਕੌਮ ਖਿਲਾਫ ਫਿਰਕੂ ਨਫਰਤ ਵਾਲੀਆਂ ਟਿੱਪਣੀਆਂ ਤੋਂ ਲੋਕਾਂ ਨੂੰ ਸੁਚੇਤ ਕੀਤਾ ਸੀ।
I am shocked by the extremely repressive and provocative application of law while registering a case against Jathedar Tejinder Pal Singh Timma, Chairman, Dharam Parchar Committee, SGPC (Rajasthan unit), and also Mukh Sevadar of Baba Deep Singh Gurdwara Sahib, Sri Ganganagar, for… pic.twitter.com/gGKNiYY9xp — Sukhbir Singh Badal (@officeofssbadal) July 9, 2024
ਜਥੇਦਾਰ ਟਿੰਮਾ ਖਿਲਾਫ ਦਰਜ ਇਸ ਝੂਠੇ ਤੇ ਬੇਬੁਨਿਆਦੀ ਕੇਸ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਹੜਾ ਵੀ ਕੋਈ ਸ਼ਾਂਤਮਈ ਤੇ ਦੇਸ਼ ਭਗਤ ਸਿੱਖ ਕੌਮ ਦੀਆਂ ਧਾਰਮਿਕ ਧਾਰਨਾਵਾਂ ਤੇ ਭਾਵਨਾਵਾਂ ਨੂੰ ਸੱਟ ਮਾਰਨ ਵਲ ਸੇਧਤ ਬਿਆਨਾਂ ਨੂੰ ਉਜਾਗਰ ਕਰੇ ਅਤੇ ਫਿਰਕੂ ਹਿੰਸਾ ਭੜਕਾਉਣ ਨੂੰ ਬੰਦ ਕਰਨ ਦੀ ਗੱਲ ਕਰੇ, ਉਸਦੇ ਖਿਲਾਫ ਕੇਸ ਦਰਜ ਕਰਨਾ ਹੀ ਨਹੀਂ ਬਣਦਾ।
ਸੁਖਬੀਰ ਸਿੰਘ ਬਾਦਲ ਨੈ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਅਪੀਲ ਕੀਤੀ ਕਿ ਕੇਸ ਵਾਪਸ ਲੈਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਹਨਾਂ ਕਿਹਾ ਕਿ ਜਥੇਦਾਰ ਟਿੰਮਾ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਫਿਰਕੂ ਨਫਰਤ ਤੇ ਹਿੰਸਾ ਦੀ ਕਿਸੇ ਵੀ ਕਾਰਵਾਈ ਦੇ ਖਿਲਾਫ ਹਨ। ਇਸ ਲਈ ਹਰ ਵੇਲੇ ਬੇਹੱਦ ਭੜਕਾਊ ਬਿਆਨ ਦਿੰਦੇ ਰਹਿਣ ਅਤੇ ਸਾਡੇ ਦੇਸ਼ ਵਾਸੀਆਂ ਖਿਲਾਫ ਫਿਰਕੂ ਗਾਲ੍ਹਾਂ ਵਾਲੇ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਅਧਿਕਾਰੀਆਂ ਨੇ ਸਿੱਖ ਕੌਮ ਦੇ ਮੈਂਬਰ ਨੂੰ ਹੀ ਨਿਸ਼ਾਨਾ ਬਣਾਉਂਦਿਆਂ ਕੇਸ ਦਰਜ ਕਰ ਦਿੱਤਾ ਹੈ।
ਬਾਦਲ ਨੇ ਸਪਸ਼ਟ ਕੀਤਾ ਕਿ ਜਥੇਦਾਰ ਟਿੰਮਾ ਦੇ ਬਿਆਨ ਵਿਚ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਕਿਸੇ ਵੀ ਤਰੀਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖਿਲਾਫ ਹੋਵੇ ਅਤੇ ਉਹਨਾਂ ਨੇ ਫਿਰਕੂ ਹਿੰਸਾ ਭੜਕਾਉਣ ਦੇ ਯਤਨ ਕਰਨ ਵਾਲਿਆਂ ਤੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਉਚ ਅਹੁਦਿਆਂ ’ਤੇ ਬੈਠੀਆਂ ਅਹਿਮ ਸ਼ਖਸੀਅਤਾਂ ਵੱਲੋਂ ਦਿੱਤੇ ਬਿਆਨਾਂ ਦੇ ਕਾਰਣ ਇਹ ਮਾੜੇ ਅਨਸਰ ਦੇਸ਼ ਭਗਤ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲਣ ਲੱਗ ਪਏ ਹਨ। ਉਹਨਾਂ ਕਿਹਾ ਕਿ ਰਾਜਸਥਾਨ ਸਰਕਾਰ ਨੂੰ ਇਸ ਫਿਰਕੂ ਧਰੁਵੀਕਰਨ ਨੂੰ ਰੋਕਣਾ ਚਾਹੀਦਾ ਹੈ ਨਾ ਕਿ ਇਸਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
- PTC NEWS