ਸੁਖਪਾਲ ਖਹਿਰਾ ਨੇ ਅਰਵਿੰਦ ਕੇਜਰੀਵਾਲ 'ਤੇ ਸਾਧਿਆ ਨਿਸ਼ਾਨਾ, ਕਹੀ ਇਹ ਗੱਲ
ਭੁਲੱਥ, 14 ਸਤੰਬਰ: ਪੰਜਾਬ ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਹ ਹਰ ਰੋਜ਼ ਆਮ ਆਦਮੀ ਪਾਰਟੀ ਬਾਰੇ ਟਵੀਟ ਕਰਦੇ ਰਹਿੰਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਹੀ ਉਨ੍ਹਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ।
ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਅਰਵਿੰਦ ਕੇਜਰੀਵਾਲ ਇੱਕ ਚਾਰਟਰਡ ਜਹਾਜ਼ ਵਿੱਚ ਬੈਠੇ ਨਜ਼ਰ ਆ ਰਹੇ ਹਨ, ਉਨ੍ਹਾਂ ਨਾਲ ਇੱਕ ਏਅਰ ਹੋਸਟੈਸ ਵੀ ਖਲੋਤੀ ਵੇਖੀ ਜਾ ਸਕਦੀ ਹੈ। ਖਹਿਰਾ ਨੇ ਟਵੀਟ ਕਰਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਹੈ ਕਿ ਉਹ ਇਹ ਕਿਹੋ ਜਿਹਾ ਤਮਾਸ਼ਾ ਅਤੇ ਪਾਖੰਡ ਦਿਖਾ ਰਹੇ ਹਨ। ਖਹਿਰਾ ਨੇ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਲਿਖਿਆ ਕਿ ਇਕ ਪਾਸੇ ਉਹ ਆਪਣੇ ਆਪ ਨੂੰ 'ਕੱਟੜ-ਇਮਾਨਦਾਰ ਆਮ ਆਦਮੀ' ਦੱਸਦੇ ਨੇ ਜੋ ਆਟੋ ਚਾਲਕਾਂ ਨਾਲ ਰਾਤ ਦਾ ਖਾਣਾ ਖਾਂਦਾ ਹਨ ਪਰ ਦੂਜੇ ਪਾਸੇ ਲੋਕਾਂ ਦੇ ਪੈਸੇ 'ਤੇ ਚਾਰਟਰਡ ਜਹਾਜ਼ਾਂ 'ਚ ਸਫਰ ਕਰ ਰਹੇ ਹਨ।